ਤਾਜਾ ਖਬਰਾਂ
ਗੁਰਵਿੰਦਰ ਸ਼ਰਮਾ , ਸੰਦੀਪ ਸਿੰਘ
ਬਠਿੰਡਾ, 25 ਫਰਵਰੀ ,:ਭਾਸ਼ਾ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਅਤੇ ਪੰਜਾਬੀ ਸਾਹਿਤ ਅਕਾਦਮੀ, ਚੰਡੀਗੜ ਦੇ ਸਹਿਯੋਗ ਨਾਲ ‘ਅੰਤਰਾਰਾਸ਼ਟਰੀ ਮਾਤ ਭਾਸ਼ਾ ਦਿਵਸ’ ਅਧੀਨ ਵਿਦਿਆਰਥੀਆਂ ਨਾਲ ‘ਤਕਨੀਕੀ ਯੁੱਗ ਵਿੱਚ ਮਾਤ-ਭਾਸ਼ਾ ਦਾ ਸਥਾਨ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ’ਤੇ ਸੰਵਾਦ ਰਚਾਇਆ ਗਿਆ । ਇਸ ਮੌਕੇ ਸੰਵਾਦ ਲਈ ਵਿਦਵਾਨ ਦੇ ਤੌਰ ’ਤੇ ਪ੍ਰੋਫੈਸਰ ਐਮੀਰੀਟਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ ਡਾ. ਸਤੀਸ਼ ਕੁਮਾਰ ਵਰਮਾ ਅਤੇ ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ ਡੀਨ ਭਾਸ਼ਾਵਾਂ ਸਾਹਿਤ ਤੇ ਸੱਭਿਆਚਾਰ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਡਾ. ਜਮੀਰਪਾਲ ਕੌਰ ਹਾਜ਼ਰ ਰਹੇ।
ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਡਾ. ਜਸਬੀਰ ਸਿੰਘ ਹੁੰਦਲ ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ’ਤੇ ਪਿ੍ਰੰਸੀਪਲ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਡਾ. ਸੁਰਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐਮ. ਡੀ. ਫਤਹਿ ਕਾਲਜ ਰਾਮਪੁਰਾ ਸ. ਸੁਖਮੰਦਰ ਸਿੰਘ ਚੱਠਾ ਤੋਂ ਇਲਾਵਾ ਖੋਜ ਅਫ਼ਸਰ ਸ਼੍ਰੀ ਨਵਪ੍ਰੀਤ ਸਿੰਘ , ਸ਼ਹਿਰ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਡਾ. ਅਤਰਜੀਤ, ਜਸਪਾਲ ਮਾਣਖੇੜਾ , ਸੁਰਿੰਦਰਪ੍ਰੀਤ ਘਣੀਆ, ਗੁਰਦੇਵ ਸਿੰਘ ਖੋਖਰ, ਨਿਰੰਜਨ ਸਿੰਘ ਪ੍ਰੇਮੀ ਅਤੇ ਰਿਜ਼ਨਲ ਸੈਂਟਰ ਬਠਿੰਡਾ ਕੈਂਪਸ ਦਾ ਸਮੂਹ ਸਟਾਫ ਮੌਜੂਦ ਸੀ ।
ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜਾਣਕਾਰੀ ਦਿੱਤੀ ਕਿ ਜ਼ਿਲਾ ਭਾਸ਼ਾ ਵਿਭਾਗ ਬਠਿੰਡਾ ਮਾਤ ਭਾਸ਼ਾ ਦਿਵਸ ਨੂੰ ਇੱਕ ਸਪਤਾਹ ਵਜੋਂ ਮਨਾਉਣ ਲਈ ਇਹ ਸਮਾਗਮ ਕਰਵਾ ਰਿਹਾ ਹੈ ਅਤੇ ਇਸ ਦੇ ਨਾਲ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਦੀ ਇੱਕ ਪੁਸਤਕ ਪ੍ਰਦਰਸ਼ਨੀ ਵੀ ਇਸ ਸੰਸਥਾ ਵਿੱਚ ਲਗਾਈ ਹੈ।
ਜ਼ਿਲਾ ਭਾਸ਼ਾ ਅਫ਼ਸਰ ਨੇ ਅੱਗੇ ਬੋਲਦਿਆਂ ਕਿਹਾ ਕਿ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਪੰਜਾਬ ਸ੍ਰੀ ਕਿ੍ਰਸ਼ਨ ਕੁਮਾਰ ਦੀ ਅਗਵਾਈ ਵਿੱਚ ਵਿਭਾਗ ਨਵੀਂ ਊਰਜਾ ਨਾਲ ਕੰਮ ਕਰ ਰਿਹਾ ਹੈ । ਡਾ. ਸਤੀਸ਼ ਵਰਮਾ ਅਤੇ ਡਾ. ਜਮੀਰਪਾਲ ਕੌਰ ਨੇ ਸੰਵਾਦ ਦੌਰਾਨ ਬੜੇ ਵਿਸਥਾਰ ਨਾਲ ਵਿਦਿਆਰਥੀਆਂ ਅਤੇ ਮੌਜੂਦ ਸਾਹਿਤਕਾਰਾਂ ਦੇ ਪੰਜਾਬੀ ਮਾਂ ਬੋਲੀ ਦੇ ਸਥਾਨ ਅਤੇ ਦਰਪੇਸ਼ ਚੁਣੌਤੀਆਂ ਦੇ ਸੰਬੰਧ ’ਚ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੱਤੇ। ਮੰਚ ਦਾ ਸੰਚਾਲਨ ਡਾ ਰਵਿੰਦਰ ਸੰਧੂ ਨੇ ਕੀਤਾ ।
Get all latest content delivered to your email a few times a month.