ਤਾਜਾ ਖਬਰਾਂ
ਬੋਲਦਾ ਪੰਜਾਬ
ਚੰਡੀਗੜ, 6 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੋਵਾਂ ਮੁਲਕਾਂ ਦੇ ਲੋਕਾਂ ਦੀ ਭਲਾਈ ਲਈ ਅਕਾਦਮਿਕ, ਸੈਰ-ਸਪਾਟਾ, ਵਪਾਰ ਅਤੇ ਵਣਜ ਦੇ ਖੇਤਰਾਂ ਵਿੱਚ ਤਜਾਕਿਸਤਾਨ ਨਾਲ ਬਿਹਤਰ ਸਹਿਯੋਗ ਦੀ ਮੰਗ ਕੀਤੀ।
ਤਜਾਕਿਸਤਾਨ ਦੇ ਉੱਚ ਪੱਧਰੀ ਵਫਦ ਨਾਲ ਅੱਜ ਮੁੱਖ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ ‘ਤੇ ਮੁਲਾਕਾਤ ਕੀਤੀ। ਇਸ ਮੌਕੇ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵਿਸਵ ਤੇਜੀ ਨਾਲ ਆਲਮੀ ਪਿੰਡ ਵਜੋਂ ਉੱਭਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਵੱਖ-ਵੱਖ ਦੇਸਾਂ ਦੀਆਂ ਯੂਨੀਵਰਸਿਟੀਆਂ, ਜੋ ਵਿੱਦਿਆ ਦੇ ਮੰਦਰ ਹਨ, ਦਾ ਅਕਾਦਮਿਕ ਸਹਿਯੋਗ ਵਿਸਵ ਦੇ ਕੋਨੇ-ਕੋਨੇ ਵਿੱਚ ਗਿਆਨ ਦੀ ਰੌਸਨੀ ਫੈਲਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਸਹਾਈ ਹੋ ਸਕਦਾ ਹੈ। ਭਗਵੰਤ ਮਾਨ ਨੇ ਪੰਜਾਬ ਅਤੇ ਤਜਾਕਿਸਤਾਨ ਦਰਮਿਆਨ ਵਿਦਿਆਰਥੀ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਇਹ ਸੂਬੇ ਅਤੇ ਤਜਾਕਿਸਤਾਨ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਅਧਿਆਪਕਾਂ ਦੇ ਹੁਨਰ ਨੂੰ ਤਰਾਸਣਾ ਸਮੇਂ ਦੀ ਲੋੜ ਹੈ, ਜਿਸ ਵਿੱਚ ਅਜਿਹੀਆਂ ਪਹਿਲਕਦਮੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਤਜਾਕਿਸਤਾਨ ਵਿਦਿਆਰਥੀ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਲਈ ਪ੍ਰੋਗਰਾਮ ਸੁਰੂ ਕਰਨ ਦਾ ਉਪਰਾਲਾ ਕਰ ਸਕਦੇ ਹਨ, ਜਿਸ ਵਿੱਚ ਸੂਬਾ ਸਰਕਾਰ ਉਨਾਂ ਨੂੰ ਪੂਰਾ ਸਹਿਯੋਗ ਦੇਵੇਗੀ। ਉਨਾਂ ਪੰਜਾਬ ਅਤੇ ਤਜਾਕਿਸਤਾਨ, ਦੋਵਾਂ ਦਰਮਿਆਨ ਸੈਰ-ਸਪਾਟਾ ਖੇਤਰ ਵਿੱਚ ਆਪਸੀ ਸਹਿਯੋਗ ਦਾ ਪੱਖ ਵੀ ਉਭਾਰਿਆ ਅਤੇ ਉਨਾਂ ਨੇ ਫਰਵਰੀ 2023 ਵਿੱਚ ਸੂਬੇ ਵਿੱਚ ਹੋਣ ਵਾਲੇ ਨਿਵੇਸ ਪੰਜਾਬ ਸੰਮੇਲਨ ਵਿਚ ਸਾਮਲ ਹੋਣ ਲਈ ਵਫਦ ਨੂੰ ਸੱਦਾ ਦਿੱਤਾ।
ਪੰਜਾਬ ਅਤੇ ਤਜਾਕਿਸਤਾਨ ਦਰਮਿਆਨ ਵਪਾਰ ਨੂੰ ਵੱਡੇ ਪੱਧਰ ਉਤੇ ਖੋਲਣ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੋਵਾਂ ਦੇਸਾਂ ਦਰਮਿਆਨ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਵੀ ਬਹੁਤ ਸਹਾਈ ਹੋ ਸਕਦਾ ਹੈ। ਇੱਕ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਦੀ ਬਾਸਮਤੀ ਦੀ ਤਜਾਕਿਸਤਾਨ ਵਿੱਚ ਬਹੁਤ ਮੰਗ ਹੈ ਅਤੇ ਇਸ ਦੀ ਬਰਾਮਦ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਇਹ ਸੂਬੇ ਦੇ ਕਿਸਾਨਾਂ ਦੀ ਕਿਸਮਤ ਬਦਲ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਤਜਾਕਿਸਤਾਨ ਨਾਲ ਅਕਾਦਮਿਕ, ਸੈਰ-ਸਪਾਟਾ, ਵਪਾਰ ਅਤੇ ਵਣਜ ਦੇ ਖੇਤਰਾਂ ਵਿੱਚ ਬਿਹਤਰ ਸਬੰਧ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਦੌਰਾਨ ਵਫਦ ਵਿੱਚ ਇੰਟਰਨੈਸਨਲ ਯੂਨੀਵਰਸਿਟੀ ਆਫ ਟੂਰਿਜਮ ਐਂਡ ਐਂਟਰਪਿ੍ਰਨਿਓਰਸ਼ਿਪ, ਤਜਾਕਿਸਤਾਨ ਤੋਂ ਉਬੈਦੁਲੋ ਐਸੋਰਜੋਦਾ, ਵਿਦੇਸ ਮਾਮਲਿਆਂ ਦੇ ਵਾਈਸ ਰੈਕਟਰ ਜਬਰੋਵ ਫਤਹਿਉੱਲਾ ਅਮਰੀਵਿਚ, ਅਰਥ ਸਾਸਤਰੀ ਡਾਕਟਰ ਉਮਰੋਵ ਖੋਜਾਮਹਮਦ, ਡੀਨ, ਟੈਕਨੀਕਲ ਯੂਨੀਵਰਸਿਟੀ, ਤਜਾਕਿਸਤਾਨ ਰੁਸਤਮ ਚੋਲਮਾਤੋਵ ਨੇ ਮੁੱਖ ਮੰਤਰੀ ਨੂੰ ਪੰਜਾਬ ਅਤੇ ਤਜਾਕਿਸਤਾਨ ਵਿਚਾਲੇ ਚੰਗੇ ਸਬੰਧਾਂ ਦਾ ਭਰੋਸਾ ਦਿੱਤਾ।
Get all latest content delivered to your email a few times a month.