ਤਾਜਾ ਖਬਰਾਂ
bolda punjab
ਸ਼੍ਰੀ ਮੁਕਤਸਰ ਸਾਹਿਬ , 09 ਸਤੰਬਰ ,
ਸਿਆਣੇ ਆਖਦੇ ਹਨ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਵਾਸ ਕਰਦਾ ਹੈ। ਤਨ ਅਤੇ ਮਨ ਦੀ ਤੰਦਰੁਸਤੀ ਲਈ ਸਾਡੇ ਜੀਵਨ ਵਿੱਚ ਸਫ਼ਾਈ ਦਾ ਬਹੁਤ ਮਹੱਤਵ ਹੈ। ਜੇਕਰ ਅਸੀਂ ਆਪਣੇ ਆਲੇ- ਦੁਆਲੇ ਦੀ ਸਫ਼ਾਈ ਨਹੀਂ ਰੱਖਾਂਗੇ ਤਾਂ ਅਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਸਾਨੂੰ ਪਾਰਕਾਂ, ਮੈਦਾਨਾਂ, ਸੜਕ ਕਿਨਾਰੇ ਆਦਿ ਪਲਾਸਟਿਕ ਦੇ ਲਿਫਾਫੇ, ਬੋਤਲਾਂ ਆਦਿ ਨਹੀਂ ਸੁੱਟਣੇ ਚਾਹੀਦੇ ਕਿਉਂਕਿ ਇਸ ਨੂੰ ਆਵਾਰਾ ਪਸ਼ੂ ਨਾ ਕੇਵਲ ਖਿਲਾਰਦੇ ਹਨ ਸਗੋਂ ਇਨ੍ਹਾਂ ਨੂੰ ਨਿਗਲ ਜਾਣ ਕਾਰਨ ਉਹ ਮੌਤ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਸਫ਼ਾਈ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਅਤੇ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਜੇਕਰ ਅਸੀਂ ਲਗਾਤਾਰ ਸਫ਼ਾਈ ਦਾ ਧਿਆਨ ਨਾ ਰੱਖਾਂਗੇ ਤਾਂ ਸਾਡੇ ਆਲੇ- ਦੁਆਲੇ ਵਾਤਾਵਰਣ ਵਿੱਚ ਕਈ ਤਰ੍ਹਾਂ ਦੇ ਖਤਰਨਾਕ ਕੀਟਾਣੂ ਪੈਦਾ ਹੋ ਜਾਂਦੇ ਹਨ, ਜੋ ਸਾਡੀ ਆਪਣੀ ਅਤੇ ਸਾਡੇ ਆਲੇ- ਦੁਆਲੇ ਤੇ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਜਾਂਦੇ ਹਨ ਅਤੇ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਬੁਖਾਰ, ਜ਼ੁਕਾਮ ਆਦਿ ਦੇ ਸ਼ਿਕਾਰ ਹੋ ਸਕਦੇ ਹਾਂ। ਸਫ਼ਾਈ ਦੇ ਕੇਵਲ ਲਾਭ ਹੀ ਲਾਭ ਹਨ ਇਸ ਨਾਲ ਅਸੀਂ ਖ਼ੁਦ ਨੂੰ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰੱਖ ਸਕਦੇ ਹਾਂ। ਸਾਡਾ ਆਲਾ- ਦੁਆਲਾ ਵੀ ਦੇਖਣ ਨੂੰ ਸੋਹਣਾ ਲੱਗਦਾ ਹੈ ਅਤੇ ਸਾਡਾ ਮਨ ਕੰਮਾਂ ਵਿੱਚ ਚੰਗੀ ਤਰ੍ਹਾਂ ਲੱਗਦਾ ਹੈ।
ਗੁਰਪ੍ਰੀਤ ਸਿੰਘ
ਜਮਾਤ ਦਸਵੀਂ
ਸ ਹ ਸ ਜਵਾਹਰੇਵਾਲ਼ਾ
ਸ੍ਰੀ ਮੁਕਤਸਰ ਸਾਹਿਬ।
Get all latest content delivered to your email a few times a month.