ਤਾਜਾ ਖਬਰਾਂ
bolda punjab
ਸੰਗਰੂਰ, 6 ਸਤੰਬਰ-
ਜ਼ਿਲ੍ਹਾ ਸੰਗਰੂਰ ਵਿੱਚ ਨੀਲੀ ਕ੍ਰਾਂਤੀ ਲਿਆਉਣ ਲਈ ਮੱਛੀ ਪਾਲਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸੇ ਹਫ਼ਤੇ ਇਥੋਂ ਦੇ ਕੁਝ ਮੱਛੀ ਪਾਲਕ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਅੰਤਰ ਰਾਜੀ ਦੌਰੇ ਵਜੋਂ ਦਿੱਲੀ ਵਿਖੇ ਵਿਸ਼ੇਸ਼ ਸੈਮੀਨਾਰ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਹਨ ਜਿਥੇ ਕਿ ਦੇਸ਼ ਭਰ ਤੋਂ ਮੱਛੀ ਪਾਲਕ ਪਹੁੰਚ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਮੱਛੀ ਪਾਲਣ ਵਿਭਾਗ ਦੇ ਮੁੱਖ ਕਾਰਜਕਾਰੀ ਅਫ਼ਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੈਮੀਨਾਰ ਵਿਚ ਮੱਛੀ ਪਾਲਣ ਦੀਆਂ ਨਵੀਆਂ ਤਕਨੀਕਾਂ ਅਤੇ ਆਰਥਿਕਤਾ ਵਿੱਚ ਹੋਰ ਮਜ਼ਬੂਤੀ ਲਿਆਉਣ ਦੇ ਨੁਕਤਿਆਂ ਬਾਰੇ ਚਰਚਾ ਹੋਵੇਗੀ ਜਿਸ ਨਾਲ ਇਹ ਮੱਛੀ ਪਾਲਕ ਭਵਿੱਖ ਵਿੱਚ ਇਸ ਕਿੱਤੇ ਪ੍ਰਤੀ ਹੋਰ ਵੀ ਪਰਪੱਕ ਹੋ ਜਾਣਗੇ। ਉਨ੍ਹਾਂ ਕਿਹਾ ਕਿ
ਜ਼ਿਲ੍ਹਾ ਸੰਗਰੂਰ ਵਿਖੇ ਬੀਤੇ ਵਰ੍ਹੇ ਨਾਲੋਂ ਇਸ ਸਾਲ ਜ਼ਿਆਦਾ ਟੀਚਾ ਮਿਥਿਆ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਵੇਂ ਮੱਛੀ ਤਲਾਅ ਬਣਾਉਣ ਲਈ 7 ਬਿਨੈਕਾਰਾਂ ਨੇ ਵਿਭਾਗ ਕੋਲ ਪਹੁੰਚ ਕੀਤੀ ਸੀ ਜਿਸ ਵਿੱਚੋਂ 5 ਤਲਾਅ ਬਣ ਕੇ ਤਿਆਰ ਹੋ ਚੁੱਕੇ ਹਨ ਜਦਕਿ ਦੋ ਪ੍ਰਗਤੀ ਅਧੀਨ ਹਨ। ਮੁੱਖ ਕਾਰਜਕਾਰੀ ਅਫ਼ਸਰ ਨੇ ਕਿਹਾ ਕਿ ਪਿੰਡ ਭੱਦਲਵੱਡ ਵਿਖੇ ਕ੍ਰਮਵਾਰ 1.5 ਏਕੜ, 2.5 ਏਕੜ ਅਤੇ 3 ਏਕੜ ਵਿੱਚ ਤਿੰਨ ਫਿਸ਼ ਪੌਂਡ ਤਿਆਰ ਕੀਤੇ ਗਏ ਹਨ ਅਤੇ ਘਾਬਦਾਂ ਤੇ ਨਾਨਕਪੁਰਾ ਵਿਖੇ 4-4 ਏਕੜ ਵਿੱਚ ਮੱਛੀ ਤਲਾਅ ਬਣਾਏ ਗਏ ਹਨ।
ਬਾਕਸ-
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਮੱਛੀ ਪਾਲਕਾਂ ਦੇ ਹੱਕ ਵਿੱਚ ਰਾਹਤ ਦਿੰਦੇ ਹੋਏ ਪ੍ਰੋਜੈਕਟ ਨੂੰ ਤਿਆਰ ਕਰਨ ਉਤੇ ਆਉਣ ਵਾਲੀ ਲਾਗਤ ਰਾਸ਼ੀ ਨੂੰ 8.50 ਲੱਖ ਰੁਪਏ ਤੋਂ ਵਧਾ ਕੇ 11 ਲੱਖ ਰੁਪਏ ਕਰ ਦਿੱਤਾ ਗਿਆ ਹੈ ਜਿਸ ਨਾਲ ਇਸ ਸਹਾਇਕ ਧੰਦੇ ਨੂੰ ਅਪਨਾਉਣ ਲਈ ਮੱਛੀ ਪਾਲਕਾਂ ਵਿੱਚ ਰੁਝਾਨ ਵਧਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਲਾਗਤ ਰਾਸ਼ੀ ਵਧਾਉਣ ਨਾਲ ਸਬਸਿਡੀ ਵੀ ਵਧ ਕੇ ਜਨਰਲ ਵਰਗ ਲਈ ਕੰਪੋਨੈਂਟ ਅਨੁਸਾਰ 40% ਅਤੇ ਐਸ. ਸੀ ਵਰਗ ਤੇ ਮਹਿਲਾਵਾਂ ਲਈ 60% ਹੋ ਗਈ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਮੱਛੀ ਪਾਲਣ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ।
Get all latest content delivered to your email a few times a month.