ਤਾਜਾ ਖਬਰਾਂ
bolda punjab
ਫ਼ਿਰੋਜ਼ਪੁਰ 28 ਅਗਸਤ , ਪੰਜਾਬ ਸਰਕਾਰ ਦੀ ਕਸਟਮ ਮੀਲਿੰਗ ਪਾਲਿਸੀ 2022 -23 ਪੰਜਾਬ ਦੀ ਸ਼ੈਲਰ ਸਨਅਤ ਲਈ ਨਵੀਂ ਮੁਸੀਬਤ ਲੈ ਕੇ ਆਈ ਹੈ , ਸਰਕਾਰ ਨੇ ਪੁਰਾਣੇ ਅਤੇ ਨਵੇਂ ਸ਼ੈਲਰਾਂ ਲਈ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਹੈ ।

ਨੀਤੀ ਘਾੜਿਆਂ ਦੀ ਨਾ ਸਮਝੀ ਉਸ ਵਕਤ ਸਾਹਮਣੇ ਆਉਂਦੀ ਹੈ ਜਦੋਂ ਸਰਕਾਰੀ ਮਹਿਕਮੇ ਆਪਾ ਵਿਰੋਧੀ ਹੁਕਮ ਜਾਰੀ ਕਰ ਰਹੇ ਹਨ ।
ਨਾਦਰਸ਼ਾਹੀ ਫੁਰਮਾਨ ਵਿਚ ਇਹ ਕਿਹਾ ਗਿਆ ਹੈ ਕਿ ਉਸ ਸ਼ੈੱਲਰ ਨੂੰ ਪਿੜਾਈ ਲਈ ਝੋਨਾ ਮਿਲੇਗਾ ਜਿਸ ਸ਼ੈੱਲਰ ਉੱਪਰ ਬੈਂਕ ਦਾ ਕੋਈ ਵੀ ਕਰਜ਼ਾ ਨਾ ਹੋਵੇ ।
ਦੱਸਣਯੋਗ ਹੈ ਕਿ ਪੰਜਾਬ ਵਿੱਚ 4200 ਦੇ ਕਰੀਬ ਪੁਰਾਣੇ ਸ਼ੈਲਰ ਹਨ ਅਤੇ 250 ਦੇ ਕਰੀਬ ਨਵੇਂ ਸ਼ੈਲਰ ਇਸ ਸਾਲ ਲੱਗ ਰਹੇ ਹਨ ।
ਸਰਕਾਰ ਦੇ ਇਸ ਹੁਕਮ ਨਾਲ ਪੱਚੀ ਸੌ ਤੋਂ ਵਧ ਸ਼ੈਲਰਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ ।
ਸ਼ੈਲਰ ਸਨਅਤ ਪੰਜਾਬ ਦੀ ਕਿਸਾਨੀ ਨਾਲ ਸਬੰਧਤ ਹੈ ਤੇ ਪੰਜਾਬ ਦਾ 170 ਲੱਖ ਟਨ ਝੋਨਾ ਇੱਕ ਮਹੀਨੇ ਵਿੱਚ ਮੰਡੀਆਂ ਵਿੱਚ ਆ ਜਾਂਦਾ ਹੈ ।
ਸਰਕਾਰ ਵੱਲੋਂ ਉਸ ਝੋਨੇ ਨੂੰ ਖ਼ਰੀਦ ਕੇ ਇਨ੍ਹਾਂ ਸ਼ੈਲਰਾਂ ਵਿੱਚ ਸਟੋਰ ਕਰਦੀ ਹੈ ।
ਸ਼ੈਲਰਾਂ ਵਾਲੇ ਇਸ ਝੋਨੇ ਦਾ ਚੌਲ ਬਣਾ ਕੇ ਉਸ ਨੂੰ ਕੇਂਦਰੀ ਪੂਲ ਹੇਠ FCI ਨੂੰ ਭੁਗਤਾਨ ਕਰਦੇ ਹਨ ।
ਅੱਜ ਕੋਈ ਵੀ ਨਵੀਂ ਇੰਡਸਟਰੀ ਸਥਾਪਤ ਕਰਨ ਜਾਂ ਮੌਜੂਦਾ ਇੰਡਸਟਰੀ ਨੂੰ ਚਲਾਉਣ ਲਈ ਬੈਂਕ ਲੋਨ ਤੋਂ ਬਿਨਾਂ ਸੰਭਵ ਨਹੀਂ ਹੈ ।
ਪੰਜਾਬ ਸਰਕਾਰ ਦੀ ਇੰਡਸਟਰੀ ਪਾਲਿਸੀ ਅਨੁਸਾਰ ਪੰਜਾਬ ਵਿੱਚ ਜੋ ਵੀ ਨਵੀਂ ਸਨਅਤ ਸਥਾਪਤ ਕਰਨੀ ਹੈ ਉਸ ਲਈ ਸਰਕਾਰ GST , ਮਾਰਕੀਟ ਫੀਸ ਬਿਜਲੀ ਕਰ ਆਦਿ ਦੀ ਛੋਟ ਦਿੰਦੀ ਹੈ ।
ਉਸ ਲਈ ਸਰਕਾਰ ਦੀ ਸ਼ਰਤ ਹੈ ਕਿ ਉਕਤ ਸਾਰੀਆਂ ਸਹੂਲਤਾਂ ਲਈ ਨਵੀਂ ਸਨਅਤ ਬੈਂਕ ਕੋਲੋਂ ਕਰਜ਼ਾ ਲੈਣਾ ਜ਼ਰੂਰੀ ਹੈ ਜੇਕਰ ਨਵੀਂ ਸਨਅਤ ਨੇ ਬੈਂਕ ਤੋਂ ਕਰਜ਼ਾ ਨਹੀਂ ਲਿਆ ਤਾਂ ਉਹ ਇੰਡਸਟਰੀ ਪਾਲਿਸੀ ਦੀਆਂ ਇਹ ਛੋਟਾਂ ਲੈਣ ਦਾ ਹੱਕਦਾਰ ਨਹੀਂ ਹੋਵੇਗਾ ।
ਇਸ ਦੇ ਬਿਲਕੁਲ ਉਲਟ ਸਰਕਾਰ ਦਾ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦਾ ਕਹਿਣਾ ਹੈ ਕਿ ਜਿਸ ਵੀ ਸ਼ੈੱਲਰ ਤੇ ਬੈਂਕ ਦਾ ਕਰਜ਼ਾ ਹੈ ਉਸ ਨੂੰ ਪਿੜਾਈ ਲਈ ਝੋਨਾ ਨਹੀਂ ਦਿੱਤਾ ਜਾਵੇਗਾ ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵਾਰ - ਵਾਰ ਇਹ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਕਿਸੇ ਵੀ ਫੀਲਡ ਦੀ ਪਾਲਿਸੀ ਬਣਾਈ ਜਾਵੇਗੀ ਤਾਂ ਉਸ ਵਿੱਚ ਸਬੰਧਤ ਧਿਰਾਂ ਦੇ ਵਿਚਾਰ ਲੈਣ ਤੋਂ ਬਾਅਦ ਹੀ ਨੀਤੀ ਅਮਲ ਵਿੱਚ ਆਵੇਗੀ ।
ਸਰਕਾਰ ਵੱਲੋਂ ਮਿਲਿੰਗ ਪਾਲਿਸੀ ਲਈ ਸ਼ੈਲਰ ਸਨਅਤ ਨਾਲ ਕਿਸੇ ਪ੍ਰਕਾਰ ਦੀ ਸਹਿਮਤੀ ਨਹੀਂ ਬਣਾਈ ਗਈ ।
ਪੰਜਾਬ ਦੇ 3500 ਤੋਂ ਵੱਧ ਸ਼ੈਲਰ ਇਸ ਤਰਾਂ ਦੇ ਹਨ ਜਿਨ੍ਹਾਂ ਨੇ ਆਪਣੇ ਕਾਰੋਬਾਰ ਲਈ ਕਿਸੇ ਨੇ ਕਿਸੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ , ਇਸ ਤੋਂ ਇਲਾਵਾ ਨਵੀਂ ਨੀਤੀ ਵਿੱਚ ਇੱਕ ਸ਼ਰਤ ਇਹ ਵੀ ਹੈ ਕਿ ਕੋਈ ਵੀ ਸ਼ੈਲਰ ਮਾਲਕ ਜਿਸ ਦੀ ਆਪਣੀ ਆੜ੍ਹਤ ਦੀ ਦੁਕਾਨ ਵੀ ਹੈ ਉਹ ਝੋਨਾ ਆਪਣੇ ਸ਼ੈਲਰ ਤੇ ਨਹੀਂ ਲੈ ਕੇ ਜਾ ਸਕਦਾ ।
ਪੰਜਾਬ ਵਿਚ 60 ਪ੍ਰਤੀਸ਼ਤ ਤੋਂ ਬਾਅਦ ਸ਼ੈਲਰਾਂ ਮਾਲਕਾਂ ਦੀਆਂ ਆਪਣੀ ਆੜ੍ਹਤ ਦੀਆਂ ਦੁਕਾਨਾਂ ਹਨ ਜਿਸ ਕਾਰਨ ਇਹ ਸ਼ਰਤ ਬਿਲਕੁਲ ਸ਼ੈਲਰ , ਆੜ੍ਹਤੀ ਅਤੇ ਕਿਸਾਨ ਦੀ ਆਪਸੀ ਸਾਂਝ ਨੂੰ ਤੋੜਨ ਦਾ ਕੰਮ ਕਰੇਗੀ ।
ਜੇਕਰ ਸਰਕਾਰ ਆਪਣਾ ਫੈਸਲਾ ਨਹੀਂ ਬਦਲਦੀ ਤਾਂ ਜਿਥੇ ਇਨ ਸ਼ੈਲਰਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ , ਉਥੇ ਸਿਰ ਤੇ ਖੜ੍ਹੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਰੁਲਣ ਤੋਂ ਕੋਈ ਨਹੀਂ ਰੋਕ ਸਕੇਗਾ ।
ਇਸ ਸੰਬੰਧ ਵਿਚ ਫਿਰੋਜ਼ਪੁਰ ਦੇ ਕਲਾਸਿਕ ਕੈਟਲ ਰਿਜ਼ੌਰਟ ਵਿੱਚ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਹੰਗਾਮੀ ਮੀਟਿੰਗ ਕੀਤੀ ਗਈ ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੈਲਰ ਮਾਲਕ ਸ਼ਾਮਲ ਹੋਏ ।
ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਨਵੀਆਂ ਮੁਸੀਬਤਾਂ ਨੂੰ ਸਰਕਾਰ ਨਾਲ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਸ਼ੈਲਰ ਇੰਡਸਟਰੀ ਅਤੇ ਇੰਡਸਟਰੀ ਨਾਲ ਜੁੜੇ ਹੋਏ ਲੱਖਾਂ ਮਜ਼ਦੂਰਾਂ , ਕਾਮਿਆਂ , ਟਰਾਂਸਪੋਰਟਰਾਂ ਦਾ ਭਵਿੱਖ ਵੀ ਬਚ ਸਕੇ ।
ਇਸ ਮੌਕੇ ਪੰਜਾਬ ਰਾਇਸ ਇੰਡਸਟਰੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਸਰਕਾਰ ਦੀ ਮਿਲਿੰਗ ਪਾਲਿਸੀ ਸ਼ੈਲਰ ਸਨਅਤ ਨੂੰ ਤਬਾਹ ਕਰਨ ਦੀਆਂ ਸ਼ਰਤਾਂ ਦਰਜ ਕੀਤੀਆਂ ਗਈਆਂ ਹਨ ।
ਉਨ੍ਹਾਂ ਕਿਹਾ ਕਿ ਮਿਲਿੰਗ ਲਈ ਸਿਰਫ਼ ਹੁਣ ਸ਼ੈਲਰਾਂ ਦੀ ਅਲਾਟਮੈਂਟ ਕਰਨ ਦਾ ਫਰਮਾਨ ਕੇ ਸ਼ੈਲਰ ਉੱਪਰ ਕੋਈ ਵੀ CC ਲਿਮਟ , ਟਰਮ ਲੋਨ ਨਾ ਹੋਵੇ ਇਹ ਸ਼ੈਲਰ ਸਨਅਤ ਨੂੰ ਤਬਾਹ ਕਰ ਦੇਵੇਗਾ ।
ਇਸ ਮੌਕੇ ਇਹ ਫ਼ੈਸਲਾ ਲਿਆ ਗਿਆ ਕਿ ਸਰਕਾਰ ਨਾਲ ਟੇਬਲ ਤੇ ਬੈਠ ਕੇ ਸ਼ੈਲਰ ਸਨਅਤ ਨੂੰ 2022 -2023 ਵਿੱਚ ਮਿਲਿੰਗ ਪਾਲਿਸੀ ਚ ਰੱਖੀਆਂ ਸ਼ਰਤਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਜਾਵੇ ।
ਇਹ ਵੀ ਫੈਸਲਾ ਕੀਤਾ ਗਿਆ ਕਿ ਪਾਲਿਸੀ ਚ ਸ਼ੈੱਲਰ ਦੇ ਕਿਸੇ ਵੀ ਪ੍ਰਕਾਰ ਦੇ ਕਰਜ਼ ਦੀ ਛੋਟ ਦੇ ਕੇ ਮਿਲਿੰਗ ਪਾਲਿਸੀ ਦਰਜ ਇਸ ਸ਼ਰਤ ਨੂੰ ਹਟਾਇਆ ਜਾਵੇ ।
ਇਸ ਮੌਕੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਸਾਡੀਆਂ ਮੰਗ ਨਹੀਂ ਮੰਨਦੀ ਦਾ ਪੂਰੇ ਪੰਜਾਬ ਦਾ ਇਕੱਠ ਕਰਕੇ ਵੱਡਾ ਫ਼ੈਸਲਾ ਲੈਣ ਲਈ ਸ਼ੈੱਲਰ ਮਾਲਕ ਮਜਬੂਰ ਹੋਣਗੇ ।
ਸ਼ੈਲਰ ਸਨਅਤ ਦੀ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਅਤੇ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਚ ਬਾਲਕ੍ਰਿਸ਼ਨ ਬਾਲੀ , ਰਣਜੀਤ ਸਿੰਘ ਜੋਸਨ , ਹਰੀ ਓਮ ਮਿਤਲ , ਇੰਦਰਜੀਤ ਸਿੰਘ ਗਰਗ ਜੌਲੀ , ਵਿਜੈ ਕਾਲੜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਚਿਮਨ ਲਾਲ ਅਰੋੜਾ ਤਲਵੰਡੀ ਪਾਈ , ਰਵਿੰਦਰ ਕੁਮਾਰ ਸੰਗਰੂਰ , ਅਸ਼ੋਕ ਜਿੰਦਲ ਧੂਰੀ , ਰਛਪਾਲ ਸਿੰਘ ਕਰਮੂਵਾਲਾ , ਬਿੰਟਾ ਜੀ ਮੁਕਤਸਰ ਸਾਹਿਬ , ਗੁਰਮੀਤ ਸਿੰਘ ਬਰਾੜ ਮਲੋਟ , ਤਨੇਜਾ ਜੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ , ਲਖਬੀਰ ਸਿੰਘ , ਕਮਲ ਗਰਗ , ਰਾਜੀਵ ਮੰਗਲ , ਨਰੇਸ਼ ਗਰਗ , ਸੁਰਿੰਦਰ ਕੁਮਾਰ ਜੀਰਾ , ਰਾਹੁਲ ਗਰਗ , ਪਵਨ ਗਰਗ , ਦੀਪਕ ਆਵਲਾ ਗੁਰੂ ਹਰਸਹਾਏ , ਅਵਿਨਾਸ਼ , ਰਿੰਕੂ ਤਪਾ ਮੰਡੀ , ਸੰਜੀਵ ਢੱਲ ਤਲਵੰਡੀ ਭਾਈ ,ਸੁਮਿਤ ਗੋਇਲ ਫਾਜ਼ਿਲਕਾ , ਮੁਕੇਸ਼ ਸਿੰਗਲਾ ਫ਼ਾਜ਼ਿਲਕਾ , ਪਵਨ ਕੁਮਾਰ ਅਜੀਤਵਾਲ , ਪੰਕਜ ਗੋਇਲ ਅਜੀਤਵਾਲ , ਮਿਸਟਰ ਧਮੀਜਾ ਫ਼ਾਜ਼ਿਲਕਾ , ਕਸ਼ਮੀਰ ਸਿੰਘ ਸੰਗਰੂਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੌਕੇ ਜ਼ਿਲਾ ਫਿਰੋਜ਼ਪੁਰ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕੋਨੇ ਕੋਨੇ ਤੋਂ ਪਹੁੰਚੇ ਸ਼ੈਲਰ ਸਨਅਤ ਦੇ ਮਾਲਕਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਪ੍ਰਗਟ ਕੀਤਾ ਕਿ ਸ਼ੈਲਰ ਸਨਅਤ ਦੇ ਔਖੇ ਹਾਲਾਤਾਂ ਵਿੱਚ ਇਕਮੁੱਠ ਹੋ ਕੇ ਇਸ ਗਲਤ ਪਾਲਿਸੀ ਨੂੰ ਸਰਕਾਰ ਨਾਲ ਰਲ ਮਿਲ ਕੇ ਹੱਲ ਕਰਨ ਲਈ ਪੰਜਾਬ ਦੇ ਇੰਡਸਟਰੀਲਿਸਟਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ
Get all latest content delivered to your email a few times a month.