ਤਾਜਾ ਖਬਰਾਂ
ਬਿਊਰੋ ਚੀਫ਼ ਚੰਡੀਗੜ੍ਹ, 2 ਅਪ੍ਰੈਲ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣਾ ਗੰਭੀਰ ਦੋਸ਼ ਹੈ ਤੇ ਇਸ ਨੂੰ ਸਾਧਾਰ ਦੋਸ਼ ਵਾਂਗ ਨਹੀਂ ਮੰਨਿਆ ਜਾ ਸਕਦਾ। ਇਸ ਤਰ੍ਹਾਂ ਨਾਲ ਮੁਲਜ਼ਮ ਨੂੰ ਕਿਸੇ ਤਰ੍ਹਾਂ ਦੀ ਰਾਹਤ ਦੀ ਉਮੀਦ ਨਹੀਂ ਕਰਨੀ ਚਾਹੀਦੀ। ਹਾਈ ਕੋਰਟ ਨੇ ਇਹ ਟਿੱਪਣੀ ਇਕ ਪੁਲਿਸ ਮੁਲਾਜ਼ਮ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਕੀਤੀ ਜਿਸ ਨੇ ਆਪਣੀ ਬਰਖ਼ਾਸਤਗੀ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਕਿ ਵਰਧੀਧਾਰੀ ਵਿਅਕਤੀ ਤੋਂ ਅਨੁਸ਼ਾਸਨ ਬਣਾਈ ਰੱਖਣ ਦੀ ਉਮੀਦ ਜ਼ਿਆਦਾ ਹੁੰਦੀ ਹੈ। ਪਟੀਸ਼ਨ ਦਾਖ਼ਲ ਕਰਦਿਆਂ ਨਵਾਂਸ਼ਹਿਰ ਨਿਵਾਸੀ ਬਲਵਿੰਦਰ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੂੰ 1993 ’ਚ ਪੰਜਾਬ ਪੁਲਿਸ ਨਿਯੁਕਤੀ ਮਿਲੀ ਸੀ। ਉਸਨੇ 16 ਮਾਰਚ 2008 ਤੋਂ 14 ਅਪ੍ਰੈਲ 2008 ਦਰਮਿਆਨ ਵਿਦੇਸ਼ ਯਾਤਰਾ ਲਈ ਛੁੱਟੀ ਲਈ ਸੀ। ਇਸ ਤੋਂ ਬਾਅਦ ਵਿਦੇਸ਼ ਤੋਂ ਉਸ ਨੇ ਛੁੱਟੀ ਵਧਾਉਣ ਦੀ ਅਰਜ਼ੀ ਭੇਜੀ। ਜਦੋਂ ਉਹ ਭਾਰਤ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ 29 ਦਸੰਬਰ 2008 ਨੂੰ ਉਸ ਨੂੰ 259 ਦਿਨ ਤੱਕ ਬਿਨਾਂ ਮਨਜ਼ੂਰੀ ਗ਼ੈਰ ਹਾਜ਼ਰ ਰਹਿਣ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਵਿਭਾਗੀ ਅਪੀਲ ਵੀ ਖ਼ਾਰਜ ਕਰ ਦਿੱਤੀ ਗਈ ਸੀ। ਹੁਣ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਬਰਖ਼ਾਸਤ ਕਰਨ ਦੇ ਫ਼ੈਸਲੇ ’ਚ ਕੋਈ ਖਾਮੀ ਨਹੀਂ ਹੈ।
Get all latest content delivered to your email a few times a month.