ਤਾਜਾ ਖਬਰਾਂ
Bolda Punjab
ਜਲੰਧਰ, 11 ਦਸੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 12 ਤੇ 13 ਦਸੰਬਰ ਨੂੰ ਕਰਵਾਏ ਜਾ ਰਹੇ 8ਵੇਂ ਸਪਾਰਕ ਮੇਲੇ ਦੇ ਆਗਾਜ਼ ਮੌਕੇ ਮਿੰਨੀ ਮੈਰਾਥਨ ਕਰਵਾਈ ਗਈ, ਜਿਸ ਨੂੰ ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਗੁਰਸਿਮਰਨਜੀਤ ਕੌਰ ਨੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਮੈਰਾਥਨ ਚੁਨਮੁਨ ਮਾਲ, ਗੀਤਾ ਮੰਦਿਰ, ਮਾਡਲ ਟਾਊਨ ਲਾਈਟਾਂ, ਗੁਰਦੁਆਰਾ ਸਾਹਿਬ ਮਾਡਲ ਟਾਊਨ, ਮਸੰਦ ਚੌਕ ਤੋਂ ਹੁੰਦੇ ਹੋਏ ਵਾਪਸ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜਾ ਕੇ ਸਮਾਪਤ ਹੋਈ, ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਜਲੰਧਰ ਨੂੰ ਤੰਦਰੁਸਤ ਜ਼ਿਲ੍ਹਾ ਬਣਾਉਣ ਦਾ ਪ੍ਰਣ ਲਿਆ।
ਇਸ ਮੌਕੇ ਐਸ.ਡੀ.ਐਮ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਾਰਕ ਮੇਲੇ ਦੀ ਸ਼ੁਰੂਆਤ ਮੌਕੇ ਮੈਰਾਥਨ ਕਰਵਾਉਣ ਦਾ ਮਕਸਦ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਨਾਉਣ ਦਾ ਸੁਨੇਹਾ ਦੇਣਾ ਹੈ ਤਾਂ ਜੋ ਸਿਹਤਮੰਦ ਪੰਜਾਬ ਦਾ ਸੰਦੇਸ਼ ਘਰ-ਘਰ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਦੀ ਤੰਦਰੁਸਤੀ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਪਾਰਕ ਮੇਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਕਿੱਤੇ ਦੀ ਚੋਣ ਲਈ ਅਗਵਾਈ ਪ੍ਰਦਾਨ ਕਰਨ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਵੀ ਪ੍ਰੇਰਿਤ ਕਰੇਗਾ।
ਇਸ ਮੌਕੇ ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ ਤੇ ਹੋਰ ਹਾਜ਼ਰ ਸਨ।
ਕੈਪਸ਼ਨ: ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਗੁਰਸਿਮਰਨਜੀਤ ਕੌਰ ਮਿੰਨੀ ਮੈਰਾਥਨ ਨੂੰ ਰਵਾਨਾ ਕਰਦੇ ਹੋਏ।
Get all latest content delivered to your email a few times a month.