ਤਾਜਾ ਖਬਰਾਂ
ਬੋਲਦਾ ਪੰਜਾਬ ਬਿਉਰੋ
ਅੰਮ੍ਰਿਤਸਰ, 3ਮਾਰਚ, 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾਟਾ ਵਿਸ਼ਲੇਸ਼ਣ `ਤੇ ਯੂਜੀਸੀ ਵੱਲੋਂ ਸਪਾਂਸਰ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਤੋਂ ਪ੍ਰੋ. ਆਰ.ਐਮ. ਪਾਂਡੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਰ ਸੰਸਥਾਵਾਂ ਦੇ ਫੈਕਲਟੀ ਅਤੇ ਖੋਜ ਵਿਦਵਾਨਾਂ ਨਾਲ ਡੇਟਾ ਦੀਆਂ ਕਿਸਮਾਂ, ਡੇਟਾ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਦੀਆਂ ਲੋੜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਬਿਜ਼ਨਸ ਸਕੂਲ ਦੀ ਮੁਖੀ ਡਾ. ਗੁਰਪ੍ਰੀਤ ਕੌਰ ਇਸ ਵੈਬੀਨਾਰ ਦੇ ਕੋਆਰਡੀਨੇਟਰ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਫ਼ਤ ਪ੍ਰਬੰਧਨ ਵਿਸ਼ੇ `ਤੇ ਇੱਕ ਸ਼ਾਰਟ ਟਰਮ ਕੋਰਸ ਦਾ ਵੀ ਆਯੋਜਨ ਕੀਤਾ ਗਿਆ। ਇਸ ਕੋਰਸ ਦਾ ਉਦਘਾਟਨ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋ. ਦੂਆ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵਿਅਕਤੀਆਂ ਨੂੰ ਉਹਨਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਉਹਨਾਂ ਦੇ ਨਿਰਮਾਣ ਲਈ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ। ਮੌਜੂਦਾ ਕੋਵਿਡ ਮਾਹੌਲ ਦੀ ਉਦਾਹਰਣ ਦਿੰਦਿਆਂ ਪ੍ਰੋ. ਦੂਆ ਨੇ ਕਿਹਾ ਕਿ ਜਦੋਂ ਵੀ ਕੋਈ ਆਫ਼ਤ ਆਉਂਦੀ ਹੈ ਤਾਂ ਸਮਾਜ ਨੂੰ ਸਮੂਹਿਕ ਤੌਰ `ਤੇ ਕੰਮ ਕਰਨਾ ਪੈਂਦਾ ਹੈ ਅਤੇ ਕਿਸੇ ਆਫ਼ਤ ਨਾਲ ਜੀਵਨ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੇ ਤਰੀਕੇ ਲੱਭਣੇ ਪੈਂਦੇ ਹਨ ਜਿਸ ਨਾਲ ਸਮਾਜ ਦਾ ਸੰਤੁਲਨ ਬਣਿਆ ਰਹੇ।
ਕੇਂਦਰ ਡਾਇਰੈਕਟਰ, ਪ੍ਰੋਫੈਸਰ ਸੁਧਾ ਜਿਤੇਂਦਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕੋਰਸ ਬਾਰੇ ਜਾਣੂ ਕਰਵਾਇਆ ਅਤੇ ਡਿਪਟੀ ਡਾਇਰੈਕਟਰ, ਡਾ. ਰਾਜਬੀਰ ਭੱਟੀ ਨੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਕੋਰਸ ਕੋਆਰਡੀਨੇਟਰ ਪ੍ਰੋ. ਜਤਿੰਦਰ ਕੌਰ ਨੇ ਪ੍ਰੋਗਰਾਮ ਵੇਰਵਾ ਸਾਂਝਾ ਕਰਦਿਆਂ ਧੰਨਵਾਦ ਦਾ ਮਤਾ ਪੇਸ਼ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੁਆਲਿਟੀ ਅਸ਼ੋਰੈਂਸ, ਅਸੈਸਮੈਂਟ ਅਤੇ ਟੀਚਿੰਗ-ਲਰਨਿੰਗ ਪ੍ਰੈਕਟਿਸਜ਼’ ਵਿਸ਼ੇ ‘ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਅੰਮ੍ਰਿਤਸਰ, 2 ਮਾਰਚ, 2022 ( ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਵੱਲੋਂ ‘ਪੋਸਟ ਕੋਵਿਡ ਟਾਈਮਜ਼ ਵਿੱਚ ਕੁਆਲਿਟੀ ਅਸ਼ੋਰੈਂਸ, ਅਸੈਸਮੈਂਟ ਅਤੇ ਟੀਚਿੰਗ-ਲਰਨਿੰਗ ਪ੍ਰੈਕਟਿਸਜ਼’ ਵਿਸ਼ੇ ‘ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਵੈਬੀਨਾਰ ਦੌਰਾਨ ਵੱਖ-ਵੱਖ ਨਾਮੀ ਸੰਸਥਾਵਾਂ ਅਤੇ ਭਾਰਤ ਦੇ ਵਿਭਿੰਨ ਹਿੱਸਿਆਂ ਦੇ ਸੌ ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।
ਪ੍ਰਸਿੱਧ ਵਿਦਿਅਕ ਚਿੰਤਕ ਦੇ ਤੌਰ `ਤੇ ਜਾਣ ਜਾਂਦੇ ਪ੍ਰੋ. ਮਰਮਰ ਮੁਹੋਪਾਧਿਆਏ, ਡਾਇਰੈਕਟਰ, ਈਟੀਐਮਏ, ਨਵੀਂ ਦਿੱਲੀ ਨੇ ਵੈਬੀਨਾਰ `ਚ ਚੇਅਰਪਰਸਨ ਵਜੋਂ ਸ਼ਿਰਕਤ ਕਰਦਿਆਂ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਔਨਲਾਈਨ ਕੋਰਸਾਂ ਨੂੰ ਤਰਜੀਹ ਦਿੰਦੇ ਹਨ, ਇਸ ਲਈ ਡਿਵੈਲਪਰਾਂ ਨੂੰ ਸਿਖਿਆਰਥੀਆਂ ਨੂੰ ਪ੍ਰੇਰਿਤ ਰੱਖਣ ਲਈ ਕੋਰਸ ਵਿਕਸਿਤ ਕਰਦੇ ਸਮੇਂ ਰਚਨਾਤਮਕ ਬਣਨ ਦੀ ਲੋੜ ਹੁੰਦੀ ਹੈ। ਪ੍ਰੋ. ਮੁਖੋਪਾਧਿਆਏ ਨੇ ਭਾਗੀਦਾਰਾਂ ਨੂੰ ਇੱਕ ਵਿਆਪਕ ਅਤੇ ਚੰਗਾ ਅਨੁਭਵ ਪ੍ਰਾਪਤ ਕਰਨ ਲਈ ਮੂਲ ਰਚਨਾ ਨੂੰ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਪ੍ਰੋ. ਅਮਿਤ ਕੌਟਸ, ਪ੍ਰੋਜੈਕਟ ਕੋਆਰਡੀਨੇਟਰ ਅਤੇ ਡੀਨ, ਫੈਕਲਟੀ ਆਫ ਐਜੂਕੇਸ਼ਨ ਨੇ ਵੈਬੀਨਾਰ ਦੇ ਵਿਸ਼ੇ ਬਾਰੇ ਵਿਚਾਰ ਸਾਂਝੇ ਕਰਦਿਆਂ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਸੁਆਗਤ ਕੀਤਾ।
ਪਹਿਲਾ ਸੈਸ਼ਨ ਪ੍ਰੋ. ਮਿਨਤੀ ਪਾਂਡਾ, ਸਕੂਲ ਆਫ਼ ਸੋਸ਼ਲ ਸਾਇੰਸਿਜ਼, ਜੇਐਨਯੂ, ਨਵੀਂ ਦਿੱਲੀ ਦੁਆਰਾ ਸੰਚਾਲਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕੋਵਿਡ ਨੇ ਨਿੱਜੀ ਅਤੇ ਅਕਾਦਮਿਕ ਜ਼ਿੰਦਗੀ ਦੇ ਵਹਾਅ ਨੂੰ ਵਿਗਾੜਿਆ ਅਤੇ ਇੱਕ ਡਿਜੀਟਲ ਵੰਡ ਪੈਦਾ ਕੀਤੀ। ਪ੍ਰੋਫੈਸਰ ਪਾਂਡਾ ਨੇ ਇਸ ਗੱਲ `ਤੇ ਵੀ ਧਿਆਨ ਦਿਵਾਇਆ ਕਿ ਯੂਨੀਵਰਸਿਟੀਆਂ ਦਾ ਉਦੇਸ਼ ਆਲੋਚਨਾਤਮਕ ਸੋਚ ਵਾਲੇ ਵਿਅਕਤੀਆਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਨਵੀਂ ਅਲੋਚਨਾਤਮਕ ਸੋਚ ਨੂੰ ਪੈਦਾ ਕਰਨਾ ਹੋਣਾ ਚਾਹੀਦਾ ਹੈ। ਪ੍ਰੋ. ਪਾਂਡਾ ਨੇ ਅਨੁਭਵੀ ਸਿੱਖਿਆ ਦੇ ਮਹੱਤਵ `ਤੇ ਜ਼ੋਰ ਦਿੰਦਿਆਂ ਸਿੱਖਿਆ ਸ਼ਾਸਤਰੀ ਤੌਰ `ਤੇ ਨਵੀਨਤਾਕਾਰੀ ਬਣ ਕੇ ਈ-ਪਲੇਟਫਾਰਮ ਦੁਆਰਾ ਪੈਦਾ ਕੀਤੀਆਂ ਰੁਕਾਵਟਾਂ ਨੂੰ ਦੂਰ ਕਰਨ ਬਾਰੇ ਦੱਸਿਆ
ਪ੍ਰੋ. ਮਧੂ ਪਰਹਾਰ, ਡਾਇਰੈਕਟਰ, ਸੀ.ਈ.ਐਮ.ਸੀ.ਏ, ਨਵੀਂ ਦਿੱਲੀ ਨੇ ਔਨਲਾਈਨ ਕੋਰਸਾਂ ਦੀ ਗੁਣਵੱਤਾ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਦੀਪਾ ਸਿਕੰਦ ਕੌਟਸ, ਮੁਖੀ, ਸਿੱਖਿਆ ਵਿਭਾਗ ਨੇ ਸੰਗਠਿਤ ਤਰੀਕੇ ਨਾਲ ਸੈਸ਼ਨਾਂ ਦਾ ਸੰਚਾਲਨ ਕੀਤਾ ਉਪਰੰਤ ਵਿਚਾਰ ਚਰਚਾ ਵਿਚ ਭਾਗੀਦਾਰਾਂ ਨੂੰ ਗੁਣਵੱਤਾ ਭਰੋਸਾ ਅਤੇ ਮੁਲਾਂਕਣ ਬਾਰੇ ਆਪਣੇ ਸ਼ੰਕਿਆਂ ਅਤੇ ਸਵਾਲਾਂ ਨੂੰ ਸਪੱਸ਼ਟ ਕਰਨ ਦਾ ਮੌਕਾ ਮਿਲਿਆ। ਪ੍ਰੋ. ਅਸ਼ਵਨੀ ਲੂਥਰਾ, ਡਾਇਰੈਕਟਰ, ਆਈਕਿਊਏਸੀ ਨੇ ਪ੍ਰਸਿੱਧ ਬੁਲਾਰਿਆਂ ਵੱਲੋਂ ਅਨਮੋਲ ਵਿਚਾਰਾਂ ਨੂੰ ਸਾਝਾਂ ਕਰਨ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
Get all latest content delivered to your email a few times a month.