ਤਾਜਾ ਖਬਰਾਂ
ਡਿਪਟੀ ਕਮਿਸ਼ਨਰ ਨੇ ਖੁਡਾਲ ਕਲਾਂ ਅਤੇ ਦਾਤੇਵਾਸ ਵਿੱਚ ਖ਼ੁਦ ਬੁਝਵਾਈ ਅੱਗ
-ਬਣਦੀ ਕਾਰਵਾਈ ਕਰਨ ਦੀ ਕੀਤੀ ਸਖ਼ਤ ਹਦਾਇਤ
ਮਾਨਸਾ/ਬੁਢਲਾਡਾ/ਬਰੇਟਾ 11 ਨਵੰਬਰ
ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਲਗਾਤਾਰ ਯਤਨਸ਼ੀਲ ਹੈ। ਅੱਜ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਨੇ ਖੁਦ ਪਿੰਡ ਖੁਡਾਲ ਕਲਾਂ ਅਤੇ ਦਾਤੇਵਾਸ ਦੇ ਖੇਤਾਂ ਵਿੱਚ ਮੌਕੇ 'ਤੇ ਪਹੁੰਚ ਕੇ ਅੱਗ ਬੁਝਵਾਈ। ਇਸ ਮੌਕੇ ਐੱਸ ਐੱਸ ਪੀ ਮਾਨਸਾ ਭਾਗੀਰਥ ਸਿੰਘ ਮੀਨਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਅੱਜ ਪਿੰਡ ਕਾਹਨਗੜ੍ਹ, ਬਹਾਦਰਪੁਰ, ਖੁਡਾਲ ਕਲਾਂ, ਦਾਤੇਵਾਸ ਵਿੱਚ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪਿੰਡ ਖੁਡਾਲ ਕਲਾਂ ਦੇ ਖੇਤ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਮੌਕੇ 'ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਮੰਗਵਾ ਕੇ ਮੌਕੇ 'ਤੇ ਅੱਗ ਬੁਝਾਈ ਗਈ।
ਇਸ ਮੌਕੇ ਉਨ੍ਹਾਂ ਜ਼ਮੀਨ ਮਾਲਕ ਨੂੰ ਮੌਕੇ 'ਤੇ ਬੁਲਾਇਆ, ਜਿਸ ਨੇ ਦੱਸਿਆ ਕਿ ਉਸਨੇ ਇਹ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਹੈ ਅਤੇ ਉਹ ਖੁਦ ਅੱਗ ਲਾਉਣ ਦੇ ਹੱਕ ਵਿਚ ਨਹੀਂ ਹੈ, ਓਸਨੂੰ ਖ਼ੁਦ ਧੂਏਂ ਤੋਂ ਐਲਰਜੀ ਹੈ।
ਡਿਪਟੀ ਕਮਿਸ਼ਨਰ ਨੇ ਮੌਕੇ 'ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਠੇਕੇ 'ਤੇ ਜ਼ਮੀਨ ਲੈਣ ਵਾਲੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਵਲੋਂ ਦਾਤੇਵਾਸ ਦੇ ਖੇਤਾਂ ਵਿਚ ਵੀ ਮੌਕੇ 'ਤੇ ਪਹੁੰਚ ਕੇ ਅੱਗ ਬੁਝਵਾਈ ਗਈ ਤੇ ਬਣਦੀ ਕਾਰਵਾਈ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮਾਨਸਾ ਵਿੱਚ 5,15,000 ਰੁਪਏ ਦਾ ਜੁਰਮਾਨਾ (ਵਾਤਾਵਰਨ ਕੰਮਪਨਸੇਸ਼ਨ) ਕੀਤਾ ਗਿਆ ਹੈ ਅਤੇ 29 ਨੋਡਲ/ ਕਲੱਸਟਰ ਅਫ਼ਸਰਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ।
ਉਨ੍ਹਾਂ ਨੋਡਲ, ਕਲੱਸਟਰ, ਖੇਤੀਬਾੜੀ ਵਿਕਾਸ ਅਫਸਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਪਰਾਲੀ ਨੂੰ ਅੱਗ ਕਿਸੇ ਵੀ ਹਾਲਤ ਵਿੱਚ ਨਾ ਲੱਗਣ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਮਸ਼ੀਨਰੀ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।
Get all latest content delivered to your email a few times a month.