ਤਾਜਾ ਖਬਰਾਂ
ਲੰਬੀ/ਸ੍ਰੀ ਮੁਕਤਸਰ ਸਾਹਿਬ, 04 ਨਵੰਬਰ: ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਲੰਬੀ ਹਲਕੇ ਦੇ ਪਿੰਡ ਬੁਰਜ ਸਿੱਧਵਾਂ ਅਤੇ ਗੁਰੂਸਰ ਯੋਧਾ ‘ਚ 70 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਵੱਲੋਂ ਪਿੰਡ ਬੁਰਜ ਸਿੱਧਵਾਂ ਅਤੇ ਗੁਰੂਸਰ ਯੋਧਾ ਵਿਖੇ 35 – 35 ਲੱਖ ਦੀ ਲਾਗਤ ਨਾਲ ਹੈਲਥ ਵੈਲਨੈਸ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿੰਡ ਗੁਰੂਸਰ ਯੋਧਾ ਚ ਵਾਟਰ ਵਰਕਸ ਦਾ ਜਾਲ, ਟਿੱਬਾ ਕਲੌਨੀ ਵਿੱਚ ਪਾਣੀ ਦੀ ਨਿਕਾਸੀ, ਸੁੱਕੇ-ਗਿੱਲੇ ਕੂੜੇ ਦੀ ਸੰਭਾਲ, ਢਾਣੀਆਂ ਨੂੰ ਇੰਟਰਲਾਕ ਟਾਇਲ ਦੇ ਕੰਮ ਵੀ ਕਰਵਾਏ ਗਏ ਹਨ। ਇਸ ਮੌਕੇ ਬੋਲਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਾਂਗ ਲੰਬੀ ਹਲਕੇ ‘ਚ ਕਿਸੇ ਵੀ ਵਿਕਾਸ ਕਾਰਜ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪ੍ਰੋਜੈਕਟ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਦੇ ਇੱਕ-ਇੱਕ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਲੋਕ ਪੱਖੀ ਫ਼ੈਸਲੇ ਲਏ ਜਾ ਰਹੇ ਹਨ। ਇਸ ਮੌਕੇ ਸਰਪੰਚ ਰਣਜੀਤ ਸਿੰਘ, ਸੁਖਪਾਲ ਸਿੰਘ , ਬਲਕਾਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗੁਰਮੀਤ ਸਿੰਘ ਰਾੜੀਆ, ਸਰਪੰਚ ਰਸ਼ਪਾਲ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ ਭਾਗੂ, ਪੀਏ ਗੁਰਬਾਜ ਸਿੰਘ , ਸਬੰਧਤ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਸਰਪੰਚ ਤੇ ਪੰਚਾਇਤ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।
Get all latest content delivered to your email a few times a month.