IMG-LOGO
ਹੋਮ ਪੰਜਾਬ : ਖੁੱਲ੍ਹੇਆਮ ਵਿਕ ਰਹੇ ਬਾਜ਼ਾਰਾਂ ’ਚ ਪਟਾਕੇ, ਕਾਨ੍ਹਪੁਰ ਵਾਂਗ ਜਲੰਧਰ ’ਚ...

ਖੁੱਲ੍ਹੇਆਮ ਵਿਕ ਰਹੇ ਬਾਜ਼ਾਰਾਂ ’ਚ ਪਟਾਕੇ, ਕਾਨ੍ਹਪੁਰ ਵਾਂਗ ਜਲੰਧਰ ’ਚ ਵੀ ਹਾਦਸੇ ਦੀ ਉਡੀਕ

Admin user - Oct 10, 2025 06:07 PM
IMG

ਜਲੰਧਰ, 10 ਅਕਤੂਬਰ : ਕਾਨ੍ਹਪੁਰ ਦੇ ਬਾਜ਼ਾਰ ’ਚ ਪਟਾਕੇ ਲਿਜਾਂਦੇ ਸਮੇਂ ਧਮਾਕੇ ਤੋਂ ਬਾਅਦ ਵੀ ਜਲੰਧਰ ’ਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਸਟੋਰ ਕਰਨ ਵਾਲਿਆਂ ਨੇ ਕੋਈ ਸਬਕ ਨਹੀਂ ਲਿਆ। ਸਰਕਸ ਗਰਾਊਂਡ ’ਚ ਪਟਾਕਾ ਮਾਰਕੀਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਬਾਜ਼ਾਰਾਂ ’ਚ ਪਟਾਕੇ ਸਟੋਰ ਕੀਤੇ ਗਏ ਹਨ। ਗੈਰ-ਕਾਨੂੰਨੀ ਤਰੀਕੇ ਨਾਲ ਪਟਾਕੇ ਵੇਚਣ ਵਾਲਿਆਂ ਦੇ ਤਰਕ ਵੀ ਵੱਖ-ਵੱਖ ਹਨ। ਕਿਸੇ ਨੇ ਕਿਹਾ ਕਿ ਉਨ੍ਹਾਂ ਨੇ ਮਹੀਨੇ ਪਹਿਲਾਂ ਹੀ ਪਟਾਕੇ ਮੰਗਵਾ ਲਏ ਸਨ ਤਾਂ ਕਿਸੇ ਨੇ ਕਿਹਾ ਕਿ ਲਾਇਸੈਂਸ ਨਾ ਮਿਲਣ ਕਾਰਨ ਮਜਬੂਰੀ ’ਚ ਵੇਚ ਰਹੇ ਹਨ। ਉਹ ਪਟਾਕੇ ਵੇਚਣ ਦੀ ਗੱਲ ਤਾਂ ਕਰਦੇ ਹਨ ਪਰ ਆਪਣੀ ਪਛਾਣ ਸਾਹਮਣੇ ਨਹੀਂ ਆਉਣ ਦਿੰਦੇ। ਜਦੋਂ ਲਾਇਸੈਂਸ ਤੋਂ ਬਿਨਾਂ ਪਟਾਕੇ ਵੇਚਣ ਦੀ ਪਾਬੰਦੀ ਬਾਰੇ ਪੁੱਛਿਆ ਗਿਆ ਤਾਂ ਝਗੜੇ ਤੱਕ ਉਤਰ ਆਉਂਦੇ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੈਰ-ਕਾਨੂੰਨੀ ਪਟਾਕੇ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਯੋਜਨਾ ਤਿਆਰ ਕਰ ਰਹੇ ਹਨ। ਏਡੀਸੀ (ਜਨਰਲ) ਅਮਨਿੰਦਰ ਕੌਰ ਨੇ ਕਿਹਾ ਕਿ ਹੁਣ ਇਹ ਪੁਲਿਸ ਦੀ ਜ਼ਿੰਮੇਵਾਰੀ ਹੈ। ਮਾਡਲ ਹਾਊਸ, ਕਿਸ਼ਨਪੁਰਾ, ਅਟਾਰੀ ਬਾਜ਼ਾਰ, ਭਾਰਗਵ ਕੈਂਪ ਤੇ ਗੜ੍ਹਾ ਰੋਡ ਦਾ ਜਾਇਜ਼ਾ ਲਿਆ ਗਿਆ ਤਾਂ ਪਟਾਕੇ ਵਿਕਦੇ ਹੋਏ ਮਿਲੇ। ਹਾਲਾਂਕਿ ਦੁਕਾਨਾਂ ਦੇ ਬਾਹਰ ਡਿਸਪਲੇ ’ਚ ਕਿਸਮਾਂ ਘੱਟ ਰੱਖੀਆਂ ਗਈਆਂ ਸਨ ਪਰ ਗਾਹਕਾਂ ਨੂੰ ਅੰਦਰਲੇ ਸਟੋਰ ’ਚੋਂ ਪਟਾਕੇ ਲਿਆਂਦੇ ਜਾ ਰਹੇ ਸਨ। ਗੈਰ-ਕਾਨੂੰਨੀ ਕਾਰੋਬਾਰ ਚਲਾਉਣ ਲਈ ਇਹ ਦੁਕਾਨਦਾਰ ਵੱਡੀ ਸਾਵਧਾਨੀ ਰੱਖਦੇ ਹਨ। ਸ਼ੱਕੀ ਗਾਹਕ ਨੂੰ ਦੇਖ ਕੇ ਪਟਾਕੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਸਿਰਫ਼ ਬੱਚਿਆਂ ਵਾਲੇ ਪਟਾਖੇ ਹਨ। ਪਠਾਨਕੋਟ ਚੌਕ ਨੇੜੇ ਸਰਕਸ ਗਰਾਊਂਡ ਦੀ ਜਗ੍ਹਾ ਨਿਰਧਾਰਤ ਹੋਣ ਦੇ ਬਾਵਜੂਦ ਵੀ ਪਟਾਕਾ ਵਪਾਰੀ ਬਾਜ਼ਾਰਾਂ ’ਚ ਬਣੇ ਗੋਦਾਮਾਂ ਤੋਂ ਸਪਲਾਈ ਕਰ ਰਹੇ ਹਨ। ਇਸ ਸਬੰਧੀ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਪ੍ਰਸ਼ਾਸਨ ਨੇ ਤਿਉਹਾਰਾਂ ਲਈ ਕੇਵਲ 20 ਲਾਇਸੈਂਸ ਜਾਰੀ ਕੀਤੇ ਹਨ ਪਰ ਸਰਕਸ ਗਰਾਊਂਡ ’ਚ 60 ਤੋਂ ਵੱਧ ਦੁਕਾਨਾਂ ਲਗਾਉਣ ਦੀ ਤਿਆਰੀ ਹੋ ਚੁੱਕੀ ਹੈ। ਸ਼ੁੱਕਰਵਾਰ ਤੋਂ ਗਰਾਊਂਡ ’ਚ ਸ਼ੈੱਡ ਲਗਾਉਣ ਦਾ ਕੰਮ ਸ਼ੁਰੂ ਹੋ ਰਿਹਾ ਹੈ।

ਪਹਿਲਾਂ ਵੀ ਵਾਪਰ ਚੁੱਕੇ ਹਾਦਸੇ

ਸਾਲ 2018 ’ਚ ਸੈਂਟਰਲ ਟਾਊਨ ਨਾਲ ਲੱਗਦੇ ਰਿਆਜ਼ਪੁਰਾ ਦੇ ਘਰ ’ਚ ਗੈਰ-ਕਾਨੂੰਨੀ ਪਟਾਕਿਆਂ ਕਾਰਨ ਧਮਾਕਾ ਹੋਇਆ ਸੀ। ਖਜ਼ਾਨ ਸਿੰਘ ਦੇ ਘਰ ’ਚ ਸ਼ਾਮ ਸਵਾ ਤਿੰਨ ਵਜੇ ਧਮਾਕਾ ਹੋਇਆ। ਇਸ ਹਾਦਸੇ ’ਚ ਉਥੇ ਕੰਮ ਕਰ ਰਹੀ 18 ਸਾਲਾ ਲੜਕੀ ਰਾਧਿਕਾ ਦੀ ਮੌਤ ਹੋ ਗਈ ਸੀ ਤੇ ਤਿੰਨ ਹੋਰ ਜ਼ਖਮੀ ਹੋਏ ਸਨ। ਧਮਾਕਾ ਘਰ ’ਚ ਵੱਡੀ ਮਾਤਰਾ ’ਚ ਰੱਖੇ ਪਟਾਕਿਆਂ ਕਾਰਨ ਹੋਇਆ ਸੀ। ਇੱਥੇ ਗੈਰ-ਕਾਨੂੰਨੀ ਪਟਾਕਾ ਫੈਕਟਰੀ ਚੱਲ ਰਹੀ ਸੀ। ਗੁਰਦੇਵ ਨਗਰ ਦੇ ਇਕ ਘਰ ’ਚ ਵੀ ਭਾਰੀ ਮਾਤਰਾ ’ਚ ਪਟਾਸ ਸਟੋਰ ਕੀਤੀ ਗਈ ਸੀ, ਜਿਸ ਕਾਰਨ ਅੱਗ ਲੱਗ ਗਈ ਸੀ। ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਗਿਆ ਤੇ ਚਾਰ ਮੈਂਬਰ ਗੰਭੀਰ ਰੂਪ ’ਚ ਜ਼ਖਮੀ ਹੋਏ ਸਨ। ਇਹ ਘਟਨਾ ਕਰੀਬ ਪੰਜ ਸਾਲ ਪੁਰਾਣੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.