ਤਾਜਾ ਖਬਰਾਂ
ਸ੍ਰੀ ਮਾਛੀਵਾਡ਼ਾ ਸਾਹਿਬ, 9 ਅਕਤੂਬਰ : ਮਾਛੀਵਾਡ਼ਾ ਦੀ ਬਲੀਬੇਗ ਬਸਤੀ ਵਿਖੇ ਪ੍ਰਵਾਸੀ ਮਜ਼ਦੂਰਾਂ ਦੇ 4 ਮਹੀਨੇ ਪਹਿਲਾਂ ਹੋਏ ਆਪਸੀ ਝਗਡ਼ੇ ਵਿਚ ਜ਼ਖ਼ਮੀ ਤੇ ਕੋਮਾ ਵਿਚ ਪਏ ਵਿਅਕਤੀ ਨੰਦਨ ਸਾਹਨੀ ਦੀ ਮੌਤ ਹੋ ਗਈ, ਜਿਸ ’ਤੇ ਪੁਲਸ ਨੇ ਜ਼ੁਰਮ ਵਿਚ ਵਾਧਾ ਕਰਦਿਆਂ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ 31-5-2025 ਨੂੰ ਬਲੀਬੇਗ ਵਿਖੇ ਦੋ ਪਰਿਵਾਰਾਂ ਵਿਚ ਝਗਡ਼ਾ ਹੋ ਗਿਆ ਸੀ, ਜਿਸ ਵਿਚ ਨੰਦਨ ਸਾਹਨੀ ਗੰਭੀਰ ਜਖ਼ਮੀ ਹੋ ਗਿਆ ਸੀ। ਪੁਲਸ ਵਲੋਂ ਉਸ ਸਮੇਂ 8 ਵਿਅਕਤੀ ਅਮਿਤ, ਸੁਮਿਤ, ਅਰਜਨ ਸਾਹਨੀ, ਮਿਸਟਰ ਸਾਹਨੀ, ਰਣਜੀਤ ਸਾਹਨੀ, ਸੁਮਨ ਕੁਮਾਰ, ਸਲੇਮ ਕੁਮਾਰ ਵਾਸੀਆਨ ਬਲੀਬੇਗ ਬਸਤੀ ਤੇ ਅਰੁਣ ਕੁਮਾਰ ਵਾਸੀ ਤਾਜਪੁਰ ਰੋਡ ਲੁਧਿਆਣਾ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਜਿਨ੍ਹਾਂ ’ਚੋਂ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਨੰਦਨ ਸਾਹਨੀ ਆਪਣੇ ਘਰ ਆ ਗਿਆ ਸੀ ਪਰ ਕੋਮਾ ਦੀ ਹਾਲਤ ਵਿਚ ਸੀ ਜਿਸ ਬੀਤੀ ਰਾਤ ਮੌਤ ਹੋ ਗਈ। ਪੁਲਸ ਵਲੋਂ ਹੁਣ ਜ਼ੁਰਮ ਵਿਚ ਵਾਧਾ ਕਰ ਦਿੱਤਾ ਗਿਆ ਅਤੇ ਜਲਦ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਸਰੇ ਪਾਸੇ ਮ੍ਰਿਤਕ ਨੰਦਨ ਸਾਹਨੀ ਦੇ ਪੁੱਤਰ ਚੰਦਨ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਲਡ਼ਾਈ ਦੌਰਾਨ ਬਹੁਤ ਕੁੱਟਮਾਰ ਕੀਤੀ ਗਈ ਸੀ ਜਿਸ ਵਿਚ ਉਹ ਜਖ਼ਮੀ ਹੋ ਗਏ ਸਨ। ਬਿਆਨਕਰਤਾ ਅਨੁਸਾਰ ਉਸ ਨੂੰ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਸਦੇ ਸਿਰ ਦੀ ਸਰਜਰੀ ਵੀ ਹੋਈ ਪਰ ਉਹ ਕੋਮਾ ਦੀ ਹਾਲਤ ਵਿਚ ਸਨ। ਚੰਦਨ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਅੱਜ ਮੌਤ ਹੋ ਗਈ ਤੇ ਪੁਲਸ ਵਲੋਂ ਹੁਣ ਲਾਸ਼ ਪੋਸਟ ਮਾਰਟਮ ਲਈ ਲਿਆਂਦੀ ਗਈ ਹੈ। ਚੰਦਨ ਕੁਮਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਕੁੱਟਮਾਰ ਕਰਨ ਨਾਲ ਉਸਦੇ ਪਿਤਾ ਦੀ ਮੌਤ ਹੋਈ ਹੈ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸਾਬਕਾ ਕੌਂਸਲਰ ਸੂਰਜ ਕੁਮਾਰ ਨੇ ਦੱਸਿਆ ਕਿ ਦੋਵੇਂ ਪਰਿਵਾਰਾਂ ਵਿਚ ਝਗਡ਼ਾ ਕੁੱਤਾ ਘੁਮਾਉਣ ਨੂੰ ਲੈ ਕੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨੰਦਨ ਸਾਹਨੀ ਆਪਣਾ ਪਾਲਤੂ ਕੁੱਤਾ ਘੁਮਾ ਰਿਹਾ ਸੀ ਤੇ ਜਿਸ ਨੂੰ ਲੈ ਕੇ ਅਮਿਤ ਨਾਲ ਝਗਡ਼ਾ ਹੋ ਗਿਆ।
Get all latest content delivered to your email a few times a month.