ਤਾਜਾ ਖਬਰਾਂ
ਜਗਰਾਓਂ, 9 ਅਕਤੂਬਰ : ਬੇਹੱਦ ਸੁਰੀਲੀ ਆਵਾਜ਼ ਦੇ ਮਾਲਕ ਤੇ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰ ਦਿਲ ਅਜ਼ੀਜ਼ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ 11 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਆਖਰ ਜ਼ਿੰਦਗੀ ਦੀ ਜੰਗ ਹਾਰ ਗਿਆ। ਉਨ੍ਹਾਂ ਦਾ ਬੁੱਧਵਾਰ, 8 ਅਕਤੂਬਰ ਨੂੰ ਸਵੇਰੇ 10:55 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਸਸਕਾਰ ਜਗਰਾਓਂ ਦੇ ਪਿੰਡ ਪੋਨਾ ਵਿਖੇ ਕੀਤਾ ਜਾ ਰਿਹਾ ਹੈ। ਥੋੜ੍ਹੀ ਦੇਰ ਵਿਚ ਉਨ੍ਹਾਂ ਨੂੰ ਅਗਨ ਭੇਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਰਾਜਵੀਰ ਦਾ ਅੰਤਿਮ ਸੰਸਕਾਰ ਪਿੰਡ ਦੇ ਸਰਕਾਰੀ ਸਕੂਲ ਦੇ ਨੇੜੇ ਦੇ ਮੈਦਾਨ ਵਿੱਚ ਹੋਵੇਗਾ, ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਗਾਇਕੀ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪਰਿਵਾਰ ਨਾਲ ਇਸ ਪਹਾੜ ਜਿੱਡੇ ਦੁੱਖ ਨੂੰ ਸਾਂਝਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਮੰਤਰੀ ਵੀ ਪੁੱਜੇ ਹਨ। ਇਸ ਦੇ ਨਾਲ ਹੀ ਪੰਜਾਬੀ ਸੰਗੀਤ ਇੰਡਸਟਰੀ ਦੇ ਲਗਭਗ ਸਾਰੇ ਹੀ ਕਲਾਕਾਰ ਪੁੱਜੇ ਹਨ। ਰਾਜਵੀਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਗਾਇਕਾਂ ਦੇ ਨਾਲ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਦੀ ਵੱਡੀ ਭੀੜ ਇਕੱਠੀ ਹੋਈ ਹੈ, ਜੋ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਤਸੁਕ ਹਨ। ਹਰਭਜਨ ਮਾਨ, ਸਤਿੰਦਰ ਸਰਤਾਜ, ਬੱਬੂ ਮਾਨ, ਆਰ.ਨੇਤ,, ਕਰਮਜੀਤ ਅਨਮੋਲ, ਰੇਸ਼ਮ ਅਨਮੋਲ, ਜਸਵੀਰ ਜੱਸੀ, ਕੰਵਰ ਗਰੇਵਾਲ, ਐਮੀ ਵਿਰਕ, ਕੁਲਵਿੰਦਰ ਬਿੱਲਾ ਸਣੇ ਕਈ ਕਲਾਕਾਰ ਪੁੱਜੇ ਹਨ। ਰਾਜਵੀਰ ਦੇ ਜਹਾਨੋਂ ਜਾਣ 'ਤੇ ਪੰਜਾਬ ਹੀ ਨਹੀਂ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੇ ਪ੍ਰਸੰਸ਼ਕਾਂ ਦੀ ਅੱਖ ਨਮ ਹੈ। ਉਨ੍ਹਾਂ ਦੀ ਸਲਾਮਤੀ ਲਈ ਹਰ ਪੰਜਾਬੀ ਨੇ ਰੱਬ ਅੱਗੇ ਅਰਦਾਸਾਂ ਕੀਤੀਆਂ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਧਿਆਨ ਦੇਣ ਯੋਗ ਹੈ ਕਿ 35 ਸਾਲਾ ਰਾਜਵੀਰ ਜਵੰਦਾ ਮੋਟਰਸਾਈਕਲ ਚਲਾਉਣ ਦਾ ਸ਼ੌਕੀਨ ਸੀ ਅਤੇ 27 ਸਤੰਬਰ ਨੂੰ ਬੱਦੀ-ਸ਼ਿਮਲਾ ਰੂਟ 'ਤੇ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ 8 ਅਕਤੂਬਰ ਨੂੰ ਆਖਰੀ ਸਾਹ ਲਿਆ।
ਪੰਜਾਬੀ ਫਿਲਮ ਇੰਡਸਟਰੀ ਮਨਾ ਰਹੀ ਸੋਗ
27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ ਅਤੇ ਸਿਰ ਵਿੱਚ ਗੰਭੀਰ ਸੱਟ ਲੱਗਣ ਤੋਂ ਬਾਅਦ ਗਾਇਕ ਹਸਪਤਾਲ ਵਿੱਚ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਮਨੋਰੰਜਨ ਉਦਯੋਗ ਦੋਵਾਂ ਨੂੰ ਸਦਮੇ ਅਤੇ ਸੋਗ ਵਿੱਚ ਪਾ ਦਿੱਤਾ ਹੈ।
Get all latest content delivered to your email a few times a month.