ਤਾਜਾ ਖਬਰਾਂ
ਫਿਰੋਜ਼ਪੁਰ, 8 ਅਕਤੂਬਰ: ਵਿਵੇਕਾਨੰਦ ਵਰਲਡ ਸਕੂਲ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐੱਸਐੈੱਨ ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਖਾਸ ਮੋਰਨਿੰਗ ਅਸੈਂਬਲੀ ਰਾਹੀਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਵਿਚ ਭਾਗ ਲੈਂਦਿਆਂ ਆਤਮਿਕ ਸ਼ਾਂਤੀ ਮਹਿਸੂਸ ਕੀਤੀ। ਇਸ ਤੋਂ ਬਾਅਦ 11ਵੀਂ ਜਮਾਤ ਹਿਊਮੈਨਟੀਜ਼ ਦੀ ਵਿਦਿਆਰਥਣ ਗੁਰਜੋਤ ਵੱਲੋਂ ਕਥਾ ਅਤੇ ਸਾਖੀ ਸੁਣਾਈ ਗਈ, ਜਿਸ ਨੇ ਸਭ ਦਾ ਮਨ ਮੋਹ ਲਿਆ। ਆਨੰਦ ਸਾਹਿਬ ਦੇ ਪਾਠ ਅਤੇ ਸਾਂਝੀ ਅਰਦਾਸ ਨਾਲ ਪੂਰੇ ਸਕੂਲ ਵਿਚ ਧਾਰਮਿਕ ਮਾਹੌਲ ਬਣ ਗਿਆ। ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੇ ਨਾ ਸਿਰਫ਼ ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਯਾਦ ਕੀਤਾ ਬਲਕਿ ਨਿਮਰਤਾ, ਨਿਸ਼ਕਾਮ ਸੇਵਾ ਅਤੇ ਭਗਤੀ ਦਾ ਸੰਦੇਸ਼ ਵੀ ਅਪਣਾਇਆ। ਇਸ ਮੌਕੇ ਡਾ. ਰੁਦਰਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਵਿਚ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਉਪਦੇਸ਼ ਸਭ ਨੂੰ ਦਇਆ, ਨਿਮਰਤਾ ਅਤੇ ਮਨੁੱਖਤਾ ਦੀ ਸੇਵਾ ਭਰਪੂਰ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਹਨ।
Get all latest content delivered to your email a few times a month.