IMG-LOGO
ਹੋਮ ਪੰਜਾਬ : ਪੰਜਾਬ ’ਚ ਅਕਤੂਬਰ ਮਹੀਨੇ ਦੌਰਾਨ ਬਾਰਿਸ਼ ਨੇ ਤੋੜਿਆ ਪਿਛਲੇ 70...

ਪੰਜਾਬ ’ਚ ਅਕਤੂਬਰ ਮਹੀਨੇ ਦੌਰਾਨ ਬਾਰਿਸ਼ ਨੇ ਤੋੜਿਆ ਪਿਛਲੇ 70 ਸਾਲਾਂ ਦਾ ਰਿਕਾਰਡ, ਖੇਤਾਂ ਤੋਂ ਮੰਡੀਆਂ ਤਕ ਝੋਨੇ ਦਾ ਨੁਕਸਾਨ

Admin user - Oct 08, 2025 02:19 PM
IMG

ਜਲੰਧਰ, 8 ਅਕਤੂਬਰ : ਪੰਜਾਬ ’ਚ ਅਕਤੂਬਰ ਮਹੀਨੇ ਦੌਰਾਨ ਬਾਰਿਸ਼ ਨੇ ਪਿਛਲੇ 70 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੀਤੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ’ਚ ਵਾਢੀ ਲਈ ਤਿਆਰ ਖੜ੍ਹੀ ਫ਼ਸਲ ਤੇ ਮੰਡੀ ’ਚ ਲਿਆਂਦਾ ਗਿਆ ਝੋਨਾ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ’ਚ ਜਾਰੀ ਬਾਰਿਸ਼ ਕਾਰਨ ਡੈਮਾਂ ਤੋਂ ਪਾਣੀ ਛੱਡੇ ਜਾਣ ਨਾਲ ਦਰਿਆ ਦੇ ਕਿਨਾਰੇ ਵੱਸਦੇ ਪਿੰਡਾਂ ’ਚ ਇਕ ਵਾਰ ਮੁੜ ਪਾਣੀ ਭਰਨ ਲੱਗ ਪਿਆ ਹੈ।  ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਵੀ ਭਾਰੀ ਬਾਰਿਸ਼ ਹੋਈ। ਤੇਜ਼ ਹਵਾ ਕਾਰਨ ਹੋਈ ਬਾਰਿਸ਼ ਨਾਲ ਪੱਕੀ ਝੋਨੇ ਦੀ ਫ਼ਸਲ ਖੇਤਾਂ ’ਚ ਵਿਛ ਗਈ। ਮੰਡੀਆਂ ’ਚ ਪੁੱਜਾ ਜ਼ਿਆਦਾਤਰ ਝੋਨਾ ਵੀ ਭਿੱਜ ਗਿਆ। ਮੌਨਸੂਨ ਸੀਜ਼ਨ ਦੌਰਾਨ ਹੜ੍ਹਾਂ ਤੇ ਜ਼ਬਰਦਸਤ ਬਰਸਾਤ ’ਚ ਬਚੀ ਫ਼ਸਲ ਦੀ ਵਾਢੀ ਦੀ ਤਿਆਰੀ ਕਰ ਰਹੇ ਕਿਸਾਨਾਂ ਦੇ ਮੱਥੇ ’ਤੇ ਇਸ ਬੇਮੌਸਮੀ ਬਰਸਾਤ ਨੇ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ ਕਰ ਦਿੱਤੀਆਂ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਅਕਤੂਬਰ ’ਚ ਬਾਰਿਸ਼ ਦਾ 70 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ’ਚ 8.2 ਮਿਲਮੀਟਰ ਬਾਰਿਸ਼ ਹੋਈ ਹੈ, ਜਦਕਿ ਸੱਤ ਅਕਤੂਬਰ ਦੀ ਆਮ ਬਾਰਿਸ਼ 0.2 ਮਿਲਮੀਟਰ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 1955 ਤੋਂ ਲੈ ਕੇ ਸਾਲ 2024 ਦੌਰਾਨ ਕਦੀ ਵੀ ਸੱਤ ਅਕਤੂਬਰ ਨੂੰ ਏਨੀ ਬਾਰਿਸ਼ ਨਹੀਂ ਹੋਈ ਤੇ ਨਾ ਹੀ ਅਕਤੂਬਰ ਦੇ ਪਹਿਲੇ ਹਫ਼ਤੇ ’ਚ ਏਨੀ ਬਾਰਿਸ਼ ਹੋਈ ਹੈ। ਉੱਥੇ ਹੀ ਪਹਿਲੀ ਅਕਤੂਬਰ ਤੋਂ ਸੱਤ ਅਕਤੂਬਰ ਦੌਰਾਨ ਪੰਜਾਬ ’ਚ 20.7 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜਦਕਿ ਇਸ ਦੌਰਾਨ ਦੀ ਆਮ ਬਾਰਿਸ਼ 2.5 ਮਿਮੀ ਹੈ। ਓਧਰ ਹਿਮਾਚਲ ਪ੍ਰਦੇਸ਼ ’ਚ ਹੋ ਰਹੀ ਬਾਰਿਸ਼ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ, ਇਸ ਨਾਲ ਸਤਲੁਜ, ਬਿਆਸ ਤੇ ਰਾਵੀ ਦੇ ਕਿਨਾਰੇ ਵਸੇ ਇਲਾਕਿਆਂ ’ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਮੰਗਲਵਾਰ ਨੂੰ ਪੌਂਗ ਡੈਮ ’ਚ ਪਾਣੀ ਦਾ ਪੱਧਰ 1,384.57 ਫੁੱਟ ਦਰਜ ਕੀਤਾ ਗਿਆ, ਜੋ ਖ਼ਤਰੇ ਦੇ ਨਿਸ਼ਾਨ (1390 ਫੁੱਟ) ਤੋਂ ਸਿਰਫ਼ 5.43 ਫੁੱਟ ਹੇਠਾਂ ਹੈ। 51 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਅਕਤੂਬਰ ਮਹੀਨੇ ’ਚ ਪੌਂਗ ਡੈਮ ਦੇ ਸਾਰੇ ਛੇ ਸਪਿਲਵੇ ਗੇਟ ਖੋਲ੍ਹਣੇ ਪਏ। ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ’ਚ ਦੋ ਮਹੀਨਿਆਂ ’ਚ ਤੀਜੀ ਵਾਰ ਸਤਲੁਜ ਦਾ ਪਾਣੀ ਖੇਤਾਂ ’ਚ ਭਰ ਗਿਆ। ਪਿੰਡ ਝੰਗੜ ਭੈਣੀ ’ਚ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਸਤਲੁਜ ’ਚ ਪਾਣੀ ਦਾ ਪੱਧਰ ਵਧਣ ਨਾਲ ਵਾਢੀ ਲਈ ਤਿਆਰ ਹੋ ਰਹੀ ਝੋਨੇ ਦੀ ਫ਼ਸਲ ਮੁੜ ਪਾਣੀ ’ਚ ਡੱਬ ਗਈ ਹੈ।

13 ਡਿਗਰੀ ਤੱਕ ਡਿੱਗਾ ਤਾਪਮਾਨ, ਠੰਢ ਦਾ ਅਹਿਸਾਸ

ਪੰਜਾਬ ’ਚ ਬਾਰਿਸ਼ ਨਾਲ ਦਿਨ ਤੇ ਰਾਤ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ ’ਚ 13 ਡਿਗਰੀ ਸੈਲਸੀਅਸ ਦੀ ਗਿਰਾਵਟ ਨਾਲ ਠੰਢ ਮਹਿਸੂਸ ਹੋਣ ਲੱਗੀ ਹੈ। ਰੂਪਨਗਰ, ਹੁਸ਼ਿਆਰਪੁਰ, ਐੱਸਬੀਐੱਸ ਨਗਰ ’ਚ ਦਿਨ ਦਾ ਤਾਪਮਾਨ ਡਿੱਗ ਕੇ 19 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ, ਜੋ ਆਮ ਨਾਲੋਂ 13 ਡਿਗਰੀ ਸੈਲਸੀਅਸ ਘੱਟ ਰਿਹਾ। ਇਨ੍ਹਾਂ ਜ਼ਿਲ੍ਹਿਆਂ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਦੋ ਡਿਗਰੀ ਸੈਲਸੀਅਸ ਦਾ ਹੀ ਫ਼ਰਕ ਰਹਿ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਰ ਮੁਾਤਬਕ ਅਕਤੂਬਰ ’ਚ ਇਸ ਵਾਰ ਪਹਿਲੇ ਹਫ਼ਤੇ ’ਚ ਜਿਸ ਤਰ੍ਹਾਂ ਜ਼ੋਰਦਾਰ ਬਾਰਿਸ਼ ਹੋ ਰਹੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਬਾਰਿਸ਼ ਦਾ ਪੈਟਰਨ ਬਦਲ ਗਿਆ ਹੈ। ਕਰੀਬ-ਕਰੀਬ ਪੂਰੇ ਪੰਜਾਬ ਆਮ ਨਾਲੋਂ ਕਾਫੀ ਵੱਧ ਬਾਰਿਸ਼ ਹੋ ਚੁੱਕੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.