ਤਾਜਾ ਖਬਰਾਂ
ਲੁਧਿਆਣਾ, 8 ਅਕਤੂਬਰ : ਲੁਧਿਆਣਾ ਦੇ ਥਾਣਾ ਦਰੇਸੀ ਦੀ ਪੁਲਿਸ ਨੇ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਅੱਖ ਝਪਕਦੇ ਹੀ ਵਾਹਨ ਚੋਰੀ ਕਰ ਲੈਂਦੇ ਸਨ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਕੁੱਲ 6 ਵਾਹਨ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਅਤੇ ਏਡੀਸੀਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਦਰੇਸੀ ਦੇ ਮੁੱਖ ਅਫਸਰ ਗੁਰਮੀਤ ਸਿੰਘ ਨੂੰ ਜਾਣਕਾਰੀ ਮਿਲੀ ਕਿ ਦੋਵੇਂ ਮੁਲਜ਼ਮ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਮੁਲਜ਼ਮਾਂ ਨੇ ਹਾਲ ਹੀ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮਿਲੀ ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਲੁਧਿਆਣਾ ਦੇ ਵਾਸੀ ਮੁਲਜ਼ਮ ਸਤੀਸ਼ ਕੁਮਾਰ ਉਰਫ ਸੰਨੀ ਅਤੇ ਰਵਿੰਦਰ ਸਿੰਘ ਉਰਫ ਭਿੰਦੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਤਿੰਨ ਮੋਟਰਸਾਈਕਲ ਅਤੇ ਤਿੰਨ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਵਾਰਦਾਤਾਂ ਦੇ ਖੁਲਾਸੇ ਹੋ ਸਕਦੇ ਹਨ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਦੇ ਖਿਲਾਫ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਤਿੰਨ ਕੇਸ ਪਹਿਲਾਂ ਤੋਂ ਹੀ ਦਰਜ ਹਨ। ਬਾਕਸ-- ਮਾਸਟਰ ਕੀ ਨਾਲ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ ਪੁਲਿਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਅਤੇ ਦੁਕਾਨਾਂ ਅਤੇ ਘਰਾਂ ਦੇ ਬਾਹਰ ਖੜੇ ਵਾਹਨਾਂ ਦੀ ਰੇਕੀ ਕਰਦੇ। ਮੁਲਜ਼ਮਾਂ ਨੇ ਵਾਹਨ ਚੋਰੀ ਕਰਨ ਲਈ ਇੱਕ ਮਾਸਟਰ ਕੀ ਤਿਆਰ ਕੀਤੀ ਹੋਈ ਸੀ। ਮੁਲਜ਼ਮ ਰੇਕੀ ਕਰਨ ਤੋਂ ਬਾਅਦ ਅੱਖ ਝਪਕਦੇ ਹੀ ਵਾਹਨ ਚੋਰੀ ਕਰ ਲੈਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣਗੇ।
Get all latest content delivered to your email a few times a month.