IMG-LOGO
ਹੋਮ ਪੰਜਾਬ : ਦੁਸਹਿਰੇ ’ਤੇ ਸ਼ਹਿਰ ’ਚ 100 ਫੁੱਟ ਤੋਂ 60 ਫੁੱਟ ਤੱਕ...

ਦੁਸਹਿਰੇ ’ਤੇ ਸ਼ਹਿਰ ’ਚ 100 ਫੁੱਟ ਤੋਂ 60 ਫੁੱਟ ਤੱਕ ਦੇ ਸਾੜੇ ਜਾਣਗੇ ਪੁਤਲੇ

Admin user - Oct 02, 2025 01:51 PM
IMG

ਜਲੰਧਰ, 2 ਅਕਤੂਬਰ : ਦੁਸਹਿਰੇ ਨੂੰ ਲੈ ਕੇ 2 ਅਕਤੂਬਰ ਨੂੰ ਸ਼ਹਿਰ ’ਚ 100 ਫੁੱਟ ਤੋਂ ਲੈ ਕੇ 60 ਫੁੱਟ ਤੱਕ ਦੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ। ਇਸ ਵਿਚਾਲੇ ਪੁਤਲਿਆਂ ਨੂੰ ਸਾੜਨ ਤੋਂ ਪਹਿਲਾਂ ਕਿਤੇ ਪਾਕਿਸਤਾਨੀ ਅੱਤਵਾਦ ਤਾਂ ਕਿਤੇ ਭ੍ਰਿਸ਼ਟਾਚਾਰ ਦੇ ਪੁਤਲੇ ਵੀ ਅੱਗ ਹਵਾਲੇ ਕੀਤੇ ਜਾਣਗੇ। ਇਸ ਨੂੰ ਲੈ ਕੇ ਦੁਸਹਿਰਾ ਉੱਤਸਵ ਕਮੇਟੀਆਂ ਵੱਲੋਂ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਜ਼ਿਆਦਾਤਰ ਮੈਦਾਨਾਂ ’ਚ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਪੁੱਜ ਚੁੱਕੇ ਹਨ, ਕਈ ਥਾਵਾਂ ’ਤੇ ਪੁਤਲੇ ਖੜ੍ਹੇ ਵੀ ਕਰ ਦਿੱਤੇ ਗਏ ਹਨ। ਇਨ੍ਹਾਂ ਨੂੰ ਰਾਤ ਭਰ ਸੁਰੱਖਿਆ ’ਚ ਰੱਖਿਆ ਜਾਵੇਗਾ। ਦੁਸਹਿਰਾ ਉਤਸਵ ਦੌਰਾਨ ਸੰਸਥਾਵਾਂ ਵੱਲੋਂ ਸੁਰੱਖਿਆ, ਟ੍ਰੈਫਿਕ ਤੋਂ ਲੈ ਕੇ ਰਾਮ ਭਗਤਾਂ ਲਈ ਵੀ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸੂਰਜ ਡੁੱਬਣ ਦੌਰਾਨ ਵੀਰਵਾਰ ਸ਼ਾਮ 6:03 ਤੋਂ 7:10 ਵਜੇ ਤੱਕ ਸ਼ੁਭ ਮੁਹੂਰਤ ਹੈ, ਜਿਸ ਦੌਰਾਨ ਪੁਤਲਿਆਂ ਨੂੰ ਸਾੜਿਆ ਜਾਵੇਗਾ।

ਰਾਵਣ ਦੇ ਪੁਤਲੇ ਤੋਂ ਪਹਿਲਾਂ ਫੂਕਿਆ ਜਾਵੇਗਾ ਅੱਤਵਾਦ ਦਾ ਪੁਤਲਾ

ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਵੱਲੋਂ ਸਾਈਂ ਦਾਸ ਸਕੂਲ ਪਟੇਲ ਚੌਕ ਦੇ ਮੈਦਾਨ ’ਚ ਹੋਣ ਵਾਲੇ ਦੁਸਹਿਰਾ ਉਤਸਵ ਦੌਰਾਨ ਜਿੱਥੇ ਸ਼ਹਿਰ ’ਚ ਸਭ ਤੋਂ ਉੱਚੇ 100 ਫੁੱਟ ਦੇ ਰਾਵਣ ਦੇ ਪੁਤਲੇ ਨੂੰ ਫੂਕਿਆ ਜਾਵੇਗਾ, ਉੱਥੇ ਇਸ ਤੋਂ ਪਹਿਲਾਂ ਪਾਕਿਸਤਾਨੀ ਅੱਤਵਾਦ ਦੇ ਪੁਤਲੇ ਨੂੰ ਵੀ ਫੂਕਿਆ ਜਾਵੇਗਾ। ਸੰਸਥਾ ਦੇ ਪ੍ਰਧਾਨ ਤਰਸੇਮ ਕਪੂਰ ਤੇ ਪੰਡਾਲ ਪ੍ਰਬੰਧਕ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਨਾਲ ਹੀ ਸਮਾਜ ’ਚ ਅੱਤਵਾਦ ਵਿਰੁੱਧ ਇਕਜੁੱਟ ਹੋਣ ਦਾ ਭਰੋਸਾ ਵੀ ਕੀਤਾ ਜਾਵੇਗਾ। 100 ਫੁੱਟ ਦੇ ਰਾਵਣ ਦੇ ਪੁਤਲੇ ਤੋਂ ਇਲਾਵਾ 75 ਤੇ 70 ਫੁੱਟ ਦੇ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਵੀ ਸਾੜੇ ਜਾਣਗੇ। 

ਬਰਲਟਨ ਪਾਰਕ ’ਚ ਹੋਵੇਗਾ 70 ਫੁੱਟ ਦੇ ਰਾਵਣ ਦਾ ਦਹਿਨ

ਇਸੇ ਤਰ੍ਹਾਂ ਸ਼੍ਰੀ ਰਾਮਲੀਲਾ ਕਮੇਟੀ ਮੰਦਰ ਨੌਹਰੀਆਂ ਵੱਲੋਂ ਬਰਲਟਨ ਪਾਰਕ ’ਚ ਹੋਣ ਵਾਲੇ 147ਵੇਂ ਦੁਸਹਿਰਾ ਉੱਤਸਵ ’ਚ ਇਸ ਵਾਰ 70 ਫੁੱਟ ਦਾ ਰਾਵਣ ਤੇ 65-65 ਫੁੱਟ ਦੇ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਣਗੇ। ਸੰਸਥਾ ਦੇ ਬੁਲਾਰੇ ਹੇਮੰਤ ਸ਼ਰਮਾ ਦੱਸਦੇ ਹਨ ਕਿ ਦੁਸਹਿਰੇ ਤੋਂ ਪਹਿਲਾਂ ਨਿਕਲਣ ਵਾਲੀ ਸ਼ੋਭਾ ਯਾਤਰਾ ’ਚ ਰਾਵਣ ਤੇ ਭਗਵਾਨ ਸ਼੍ਰੀ ਰਾਮ ਨੂੰ ਬੀਐੱਮਡਬਲਯੂ ਗੱਡੀ ’ਚ ਬਰਲਟਨ ਪਾਰਕ ਲਿਆਂਦਾ ਜਾਵੇਗਾ। --- ਸਾਂਝੇ ਤੌਰ ’ਤੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਉਚਾਰਨ ਕਰਨਗੇ ਰਾਮ ਭਗਤ ਇਸੇ ਤਰ੍ਹਾਂ ਮਾਂ ਭਾਰਤੀ ਸੇਵਾ ਸੰਘ ਵੱਲੋਂ ਸੂਰਿਆ ਇਨਕਲੇਵ ’ਚ ਹੋਣ ਵਾਲੇ ਦੁਸਹਿਰਾ ਉਤਸਵ ਦੌਰਾਨ ਇਸ ਵਾਰ 65 ਫੁੱਟ ਦੇ ਰਾਵਣ ਨੂੰ ਫੂਕਿਆ ਜਾਵੇਗਾ। ਸੰਸਥਾ ਦੇ ਪ੍ਰਧਾਨ ਵਿਵੇਕ ਖੰਨਾ ਦੇ ਮੁਤਾਬਕ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ 60-60 ਫੁੱਟ ਦੇ ਹੋਣਗੇ। ਇਸੇ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸ਼੍ਰੀ ਰਾਮ ਭਗਤ ਸ਼੍ਰੀ ਹਨੂੰਮਾਨ ਚਾਲੀਸਾ ਦਾ ਉਚਾਰਨ ਕਰਨਗੇ।

ਮਾਡਲ ਹਾਊਸ ’ਚ ਸਾੜਿਆ ਜਾਵੇਗਾ ਭ੍ਰਿਸ਼ਟਾਚਾਰ ਦਾ ਪੁਤਲਾ

ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵੱਲੋਂ ਹੋਣ ਵਾਲੇ ਦਸਹਿਰਾ ਉਤਸਵ ਦੌਰਾਨ ਰਾਵਣ ਦਾ ਪੁਤਲਾ 60 ਫੁੱਟ ਦਾ ਹੋਵੇਗਾ, ਜਦਕਿ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ 55-55 ਫੁੱਟ ਦੇ ਹੋਣਗੇ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਨੇਸ਼ ਸ਼ਰਮਾ ਦੇ ਮੁਤਾਬਕ ਰਾਵਣ, ਕੁੰਭਕਰਣ ਤੇ ਮੇਘਨਾਥ ਦੇ ਪੁਤਲਿਆਂ ਦੇ ਨਾਲ ਭ੍ਰਿਸ਼ਟਾਚਾਰ ਦਾ ਪੁਤਲਾ ਵੀ ਸਾੜਿਆ ਜਾਵੇਗਾ। --- ਅਰਬਨ ਅਸਟੇਟ ਫੇਜ਼-1 ’ਚ ਹੋਵੇਗਾ 55 ਫੁੱਟ ਦੇ ਰਾਵਣ ਦਾ ਦਹਿਨ ਇਸੇ ਤਰ੍ਹਾਂ ਫ੍ਰੈਂਡਜ਼ ਦੁਸਹਿਰਾ ਕਮੇਟੀ ਅਰਬਨ ਐਸਟੇਟ ਫੇਜ਼ ਵਨ ’ਚ ਹੋਣ ਵਾਲੇ ਦੁਸਹਿਰਾ ਉਤਸਵ ਦੌਰਾਨ 55 ਫੁੱਟ ਦੇ ਰਾਵਣ ਦਾ ਦਹਿਨ ਕੀਤਾ ਜਾਵੇਗਾ। ਕੁੰਭਕਰਨ ਤੇ ਮੇਘਨਾਥ ਦੇ ਪੁਤਲੇ 50-50 ਫੁੱਟ ਦੇ ਹੋਣਗੇ। ਇਸ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ।

ਸ਼ਹਿਰ ’ਚ 800 ਤੋਂ ਵੱਧ ਤਾਇਨਾਤ ਕੀਤੇ ਜਾਣਗੇ ਪੁਲਿਸ ਮੁਲਾਜ਼ਮ

ਇਸੇ ਤਰ੍ਹਾਂ ਦਸਹਿਰੇ ਉਤਸਵ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਹਿਰ ਭਰ ’ਚ 70 ਥਾਵਾਂ ’ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲਿਆਂ ਨੂੰ ਫੂਕਿਆ ਜਾਵੇਗਾ। ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਕਮਿਸ਼ਨਰੇਟ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ 800 ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੀ ਤਿਆਰੀ ਕੀਤੀ ਹੈ। ਇਸ ਤੋਂ ਇਲਾਵਾ ਪੀਸੀਆਰ ਟੀਮਾਂ ਤੇ ਭੀੜ ’ਚ ਸਿਵਲ ਵਰਦੀ ’ਚ ਜਵਾਨ ਵੀ ਤਾਇਨਾਤ ਰਹਿਣਗੇ। ਇਸ ਬਾਰੇ ਜੁਆਇੰਟ ਸੀਪੀ ਸੰਦੀਪ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਲੋਕਾਂ ਦੀ ਸੁਰੱਖਿਆ ਪੁਲਿਸ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਨੇ ਪੁਤਲਿਆਂ ਦੇ ਦਹਿਨ ਦੌਰਾਨ ਲੱਕੜੀਆਂ ਨਾ ਚੁੱਕਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਪ੍ਰੋਗਰਾਮ ਦੌਰਾਨ ਸ਼ੱਕੀ ਵਸਤੂ ਜਾਂ ਸ਼ੱਕੀ ਵਿਅਕਤੀ ਨਜ਼ਰ ਆਏ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.