ਤਾਜਾ ਖਬਰਾਂ
ਜਲੰਧਰ, 2 ਅਕਤੂਬਰ : ਬੁੱਧਵਾਰ ਰਾਤ ਰਾਮਾਮੰਡੀ ਫਲਾਈਓਵਰ ਤੋਂ ਅੱਗੇ ਮੈਰਿਟਨ ਹੋਟਲ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਅੱਗੇ ਚੱਲ ਰਹੇ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਬਾਈਕ ਸਵਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਸੌਰਵ ਤੇ ਦਿਵਿਆਂਸ਼ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਜੌਹਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਦਿਵਿਆਂਸ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਨੇ ਟਰੱਕ ਨੂੰ ਸੜਕ ਵਿਚਾਲੇ ਖੜ੍ਹਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਦੇ ਨਾਲ ਕੰਡਕਟਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਕੈਂਟ ਦੇ ਜਾਂਚ ਅਧਿਕਾਰੀ ਏਐੱਸਆਈ ਰਜਿੰਦਰ ਪਾਲ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹਾਦਸੇ ਤੋਂ ਬਾਅਦ ਹਸਪਤਾਲ ’ਚ ਦਾਖਲ ਸੌਰਵ ਤੇ ਦਿਵਿਆਂਸ਼ ਦੇ ਦੋਸਤਾਂ ਨੇ ਦੱਸਿਆ ਕਿ ਉਹ ਦੋਵੇਂ ਬਾਈਕ ’ਤੇ ਦੇਵੀ ਤਲਾਬ ਮੰਦਰ ’ਚ ਮੱਥਾ ਟੇਕਣ ਜਾ ਰਹੇ ਸਨ, ਜਦੋਂ ਰਸਤੇ ’ਚ ਟਰੱਕ ਚਾਲਕ ਨੇ ਉਨ੍ਹਾਂ ਨੂੰ ਪਿੱਛਿਓਂ ਟੱਕਰ ਮਾਰੀ ਦਿੱਤੀ। ਹਾਦਸੇ ਦੌਰਾਨ ਸੌਰਵ ਦੇ ਸਿਰ ਤੇ ਪੈਰਾਂ ’ਤੇ ਸੱਟਾਂ ਲੱਗੀਆਂ, ਜਦਕਿ ਗੰਭੀਰ ਸੱਟਾਂ ਕਾਰਨ ਦਿਵਿਆਂਸ਼ ਦੀ ਮੌਤ ਹੋ ਗਈ। ਟੋਇਟਾ ਸ਼ੋਅਰੂਮ ’ਚ ਕੰਮ ਕਰਨ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵੇਲੇ ਉਹ ਆਪਣੇ ਸਾਥੀ ਨਾਲ ਛੁੱਟੀ ਕਰ ਕੇ ਘਰ ਜਾ ਰਹੇ ਸਨ। ਟਰੱਕ ਦਾ ਡਰਾਈਵਰ ਨਸ਼ੇ ’ਚ ਲੱਗਦਾ ਸੀ। ਪੁਲਿਸ ਨੇ ਮੌਕੇ 'ਤੇ ਮੌਜੂਦ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਭੇਜਿਆ। ਸੜਕ ਸੁਰੱਖਿਆ ਫੋਰਸ ’ਚ ਤਾਇਨਾਤ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਨੌਂ ਵਜੇ ਕੰਟਰੋਲ ਰੂਮ ’ਤੇ ਜਾਣਕਾਰੀ ਮਿਲੀ ਸੀ ਕਿ ਰਾਮਾਮੰਡੀ ਫਲਾਈਓਵਰ ਦੇ ਅੱਗੇ ਸੜਕ 'ਤੇ ਹਾਦਸਾ ਹੋਇਆ ਹੈ। ਮੌਕੇ 'ਤੇ ਪੁੱਜ ਕੇ ਨੁਕਸਾਨੇ ਵਾਹਨ ਨੂੰ ਇਕ ਪਾਸੇ ਕਰਵਾਇਆ। ਥਾਣਾ ਕੈਂਟ ਦੇ ਜਾਂਚ ਅਧਿਕਾਰੀ ਏਐੱਸਆਈ ਰਜਿੰਦਰ ਪਾਲ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖ ਦਿੱਤਾ ਤੇ ਉਹ ਬਣਦੀ ਕਾਰਵਾਈ ਕਰਨਗੇ।
Get all latest content delivered to your email a few times a month.