ਤਾਜਾ ਖਬਰਾਂ
ਮੋਗਾ, 1 ਅਕਤੂਬਰ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦੇ ਸੀਜਨ ਦੌਰਾਨ ਕਿਸੇ ਵੀ ਕਿਸਾਨ ਨੂੰ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਾਰੀਆਂ ਮੰਡੀਆਂ ਵਿਚ ਮਹੱਤਵਪੂਰਨ ਸਹੂਲਤਾਂ ਉਪਲੱਬਧ ਹਨ। ਕਿਸਾਨ ਆਪਣੀ ਫਸਲ ਘੱਟ ਤੋਂ ਘੱਟ ਸਮੇਂ ਵਿਚ ਵੇਚ ਕੇ ਆਪਣੇ ਘਰ ਪਰਤਣਗੇ ਅਤੇ ਫਸਲ ਦੀ ਅਦਾਇਗੀ ਵੀ ਤਹਿ ਸਮਾਂ ਸੀਮਾਂ ਅੰਦਰ ਕੀਤੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦਾਣਾ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਰੋਡੇ ਵੀ ਮੌਜੂਦ ਸਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸੀਜ਼ਨ ਦੀ ਸਫਲ ਸ਼ੁਰੂਆਤ ‘ਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਖਰੀਦ ਪਿਛਲੇ ਸਾਲਾਂ ਨਾਲੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਵਧੇਰੇ ਸਮਾਂ ਮਿਲ ਸਕੇ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਸਿਰਫ਼ ਉਸੇ ਸਮੇਂ ਵਾਢੀ ਕਰਨ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਜਾਵੇ, ਤਾਂ ਜੋ ਨਿਰਧਾਰਤ 17 ਪ੍ਰਤੀਸ਼ਤ ਨਮੀ ਦੀ ਸੀਮਾ ਤੋਂ ਵੱਧ ਨਾ ਹੋਵੇ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹਨ ਕਿ ਖਰੀਦ ਸੀਜ਼ਨ ਸੁਚਾਰੂ ਅਤੇ ਕਿਸਾਨ-ਹਿਤੈਸ਼ੀ ਹੋਵੇ ਤੇ ਮੰਡੀਆਂ ’ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਾਡੀ ਸਰਕਾਰ ਵਚਨਬੱਧ ਹੈ। ਇਸ ਮੌਕੇ ਡੀਸੀ ਮੋਗਾ ਸਾਗਰ ਸੇਤੀਆ ਨੇ ਕਿਹਾ ਕਿ ਇਸ ਸੀਜਨ ਦੌਰਾਨ ਮੋਗਾ ਦੀਆਂ ਮੰਡੀਆਂ ਵਿਚ ਤਕਰੀਬਨ 11.75 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਆਉਣ ਦੀ ਸੰਭਾਵਨਾ ਹੈ। ਅੱਜ ਤੱਕ 37 ਮੀਟ੍ਰਿਕ ਟਨ ਝੋਨਾ ਮੰਡੀਆਂ ਵਿਚ ਆਇਆ ਹੈ ਜਿਸ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਤਹਿਤ ਕਿਸਾਨਾਂ ਦੀ ਫਸਲ ਦੀ ਅਦਾਇਗੀ 24 ਤੋਂ 36 ਘੰਟਿਆਂ ਵਿਚ ਕਰਨੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਸਿਰਫ਼ ਸੁੱਕਾ ਝੋਨਾ ਹੀ ਮੰਡੀਆਂ ਵਿਚ ਲਿਆਉਣ ਅਤੇ ਪਰਾਲੀ ਸਾੜਨ ਤੋਂ ਪਰਹੇਜ਼ ਕਰਦੇ ਹੋਏ ਜ਼ਿੰਮੇਵਾਰੀ ਨਾਲ ਫਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ। ਜ਼ਿਲ੍ਹੇ ਵਿਚ ਇਸ ਵਕਤ 108 ਮੰਡੀਆਂ ਕਾਰਜਸ਼ੀਲ ਹਨ ਜੇਕਰ ਕਿਸਾਨਾਂ ਦੀ ਸਹੂਲਤ ਲਈ ਹੋਰ ਆਰਜੀ ਮੰਡੀਆਂ ਖੋਲਣ ਦੀ ਲੋੜ ਹੋਈ ਤਾਂ ਪ੍ਰਸ਼ਾਸ਼ਨ ਪਹਿਲ ਤੇ ਆਧਾਰ ਤੇ ਕਰੇਗਾ। ਉਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ ਜਿਨ੍ਹਾਂ ਵਿਚ ਮੰਡੀਆਂ ਦੀ ਸਫ਼ਾਈ, ਲਾਈਟਾਂ, ਪੀਣ ਵਾਲਾ ਸਾਫ਼ ਪਾਣੀ, ਨਮੀ ਮੀਟਰ, ਤਰਪਾਲਾਂ ਆਦਿ ਪ੍ਰਬੰਧ ਸ਼ਾਮਲ ਹਨ।
Get all latest content delivered to your email a few times a month.