ਤਾਜਾ ਖਬਰਾਂ
ਲੁਧਿਆਣਾ, 1 ਅਕਤੂਬਰ : ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਵਿਅਕਤੀ ’ਤੇ 6 ਸਾਲਾ ਬੱਚੀ ਨਾਲ ਛੇੜਛਾੜ ਦਾ ਦੋਸ਼ ਲਾਇਆ ਗਿਆ ਤੇ ਉਸ ਦੀ ਛਿੱਤਰ-ਪਰੇਡ ਕੀਤੀ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜਿਆ ਗਿਆ। ਇਸ ਕਾਰਨ ਮੰਡੀ ’ਚ ਕਾਫੀ ਸਮੇਂ ਤੱਕ ਹੰਗਾਮਾ ਚੱਲਦਾ ਰਿਹਾ। ਇਕ ਪਾਸੇ ਲੋਕ ਵਿਅਕਤੀ ਨੂੰ ਕੁੱਟ ਰਹੇ ਸਨ ਤਾਂ ਦੂਜੇ ਪਾਸੇ ਕੁਝ ਲੋਕ ਇਸ ਘਟਨਾ ਨੂੰ ਆਪਣੇ ਮੋਬਾਈਲ ’ਚ ਕੈਦ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਛੇੜਛਾੜ ਦਾ ਕੋਈ ਮਾਮਲਾ ਨਹੀਂ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਚੀ ਦੀ ਉਮਰ ਲੱਗਭਗ 6 ਸਾਲ ਹੈ। ਉਸ ਦੇ ਮਾਤਾ-ਪਿਤਾ ਮਜ਼ਦੂਰੀ ਦਾ ਕੰਮ ਕਰਦੇ ਹਨ ਤੇ ਸਵੇਰੇ ਕੰਮ ’ਤੇ ਨਿਕਲ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਹਾਦਰਕੇ ਰੋਡ ਸਬਜ਼ੀ ਮੰਡੀ ਘਰ ਦੇ ਨੇੜੇ ਹੋਣ ਕਾਰਨ ਬੱਚੀ ਮਾਤਾ-ਪਿਤਾ ਦੇ ਕੰਮ ’ਤੇ ਜਾਣ ਦੇ ਬਾਅਦ ਮੰਡੀ ’ਚ ਆ ਕੇ ਘੁੰਮਣ ਲੱਗਦੀ ਸੀ। ਦੋਸ਼ ਹੈ ਕਿ ਮੰਗਲਵਾਰ ਦੀ ਦੁਪਹਿਰ ਉਹ ਮੰਡੀ ਦੇ ਅੰਦਰ ਜਾ ਰਹੀ ਸੀ, ਜਿੱਥੇ ਇਕ ਬਾਈਕ ਸਵਾਰ ਵਿਅਕਤੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ। ਉਸ ਦੀ ਬਾਈਕ ’ਤੇ ਇਕ ਬੋਰਾ ਲੱਦਿਆ ਹੋਇਆ ਸੀ। ਉਸ ਵਿਅਕਤੀ ਨੇ ਬੱਚੀ ਨੂੰ ਬੋਰਾ ਠੀਕ ਕਰਨ ਲਈ ਕਿਹਾ, ਜਦੋਂ ਬੱਚੀ ਬੋਰਾ ਠੀਕ ਕਰਨ ਲੱਗੀ ਤਾਂ ਉਸ ਵਿਅਕਤੀ ਨੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬੱਚੀ ਨੇ ਇਹ ਹੁੰਦਾ ਦੇਖ ਕੇ ਸ਼ੋਰ ਮਚਾਇਆ ਤੇ ਦੁਕਾਨਦਾਰਾਂ ਨੂੰ ਇਸ ਬਾਰੇ ਦੱਸਿਆ। ਫਿਰ ਕੀ ਸੀ ਲੋਕਾਂ ਨੇ ਬੱਚੀ ਨਾਲ ਛੇੜਛਾੜ ਦੇ ਸ਼ੱਕ ’ਚ ਉਸ ਨੂੰ ਫੜ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕ ਉਸ ਨੂੰ ਮੰਡੀ ਦੇ ਅੰਦਰ ਲੈ ਗਏ ਤੇ ਜ਼ਮੀਨ ’ਤੇ ਸੁੱਟ ਕੇ ਕੁੱਟਮਾਰ ਕੀਤੀ। ਉਸ ਸਮੇਂ ਤੱਕ ਉਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ। ਲੋਕਾਂ ਨੇ ਪੁਲਿਸ ਨੂੰ ਮੌਕੇ ’ਤੇ ਬੁਲਾ ਕੇ ਇਸ ਬਾਰੇ ਦੱਸਿਆ। ਇਸ ਦੌਰਾਨ ਥਾਣਾ ਬਸਤੀ ਜੋਧੇਵਾਲ ਦੇ ਐੱਸਐੱਚਓ ਜਸਵੀਰ ਸਿੰਘ ਨੇ ਦੱਸਿਆ ਕਿ ਬੱਚੀ ਨਾਲ ਛੇੜਛਾੜ ਵਾਲੀ ਗੱਲ ਗਲਤ ਹੈ, ਕਿਉਂਕਿ ਉਸ ਦੀ ਮਾਂ ਨੇ ਆਪਣੇ ਬਿਆਨ ’ਚ ਅਜਿਹਾ ਕੁਝ ਨਹੀਂ ਕਿਹਾ, ਜੇਕਰ ਇਸ ਤੋਂ ਬਾਅਦ ਵੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.