ਤਾਜਾ ਖਬਰਾਂ
- ਇਹਨਾਂ ਪਿੰਡਾਂ ਉੱਤੇ ਐਤਕੀਂ ਰੱਖੀ ਜਾਵੇਗੀ ਤਿੱਖੀ ਨਜ਼ਰ, ਹੋਵੇਗੀ ਤੁਰੰਤ ਕਰਵਾਈ - ਡਿਪਟੀ ਕਮਿਸ਼ਨਰ ਰਾਹੁਲ ਚਾਬਾ
- ਪਿਛਲੇ ਸਾਲ ਪਿੰਡ ਛਾਜਲੀ ਵਿੱਚ ਲੱਗੀਆਂ ਸਨ ਸਭ ਤੋਂ ਵੱਧ 44 ਅੱਗਾਂ
- ਕਿਹਾ, ਖੇਤੀ ਮਸ਼ੀਨਰੀ ਦੀ ਕੋਈ ਕਮੀ ਨਹੀਂ, ਖੇਤੀ ਵਿਭਾਗ ਨਾਲ ਸੰਪਰਕ ਕਰੋ
- ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਵੱਲੋਂ ਹੌਟ ਸਪਾਟ ਪਿੰਡ ਛਾਜਲੀ ਅਤੇ ਗੋਬਿੰਦਗੜ੍ਹ ਜੇਜੀਆਂ ਦਾ ਦੌਰਾ
- ਕਿਸਾਨਾਂ ਅਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ
ਸੰਗਰੂਰ, 24 ਸਤੰਬਰ (000) - ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਕਟਾਈ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਹਨਾਂ 25 ਪਿੰਡਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਪਿਛਲੇ ਸੀਜ਼ਨ ਦੌਰਾਨ ਸਭ ਤੋਂ ਵੱਧ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਹਨਾਂ ਪਿੰਡਾਂ ਉੱਤੇ ਐਤਕੀਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਿੱਖੀ ਨਜ਼ਰ ਰਹੇਗੀ। ਜੇਕਰ ਇਸ ਸਾਲ ਕਿਸੇ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਸੀਜ਼ਨ ਵਿੱਚ ਪਿੰਡ ਛਾਜਲੀ ਵਿੱਚ ਸਭ ਤੋਂ ਵੱਧ 44 ਅੱਗਾਂ ਲੱਗੀਆਂ ਸਨ, ਜਦਕਿ ਪਿੰਡ ਲੋਂਗੋਵਾਲ ਵਿੱਚ 41, ਪਿੰਡ ਸ਼ੇਰੋਂ ਵਿੱਚ 32, ਸੁਨਾਮ ਵਿੱਚ 28, ਘਰਾਚੋਂ ਵਿੱਚ 25, ਭਵਾਨੀਗੜ੍ਹ ਵਿੱਚ 22, ਬਾਲੀਆਂ ਵਿੱਚ 21, ਮੰਡਵੀ ਵਿੱਚ 21, ਚੱਠਾ ਨਨਹੇੜਾ ਵਿੱਚ 19, ਬੱਲਰਾਂ ਵਿੱਚ 18, ਚੀਮਾ ਵਿੱਚ 17, ਗੋਬਿੰਦਗੜ੍ਹ ਜੇਜੀਆਂ ਵਿੱਚ 17, ਖਡਿਆਲ ਵਿੱਚ 17, ਲਹਿਲ ਕਲਾਂ ਵਿੱਚ 15, ਉਭਾਵਾਲ ਵਿੱਚ 15, ਬੰਗਾਂ ਵਿੱਚ 14, ਭੁਟਾਲ ਕਲਾਂ ਵਿੱਚ 14, ਗੱਗੜਪੁਰ ਵਿੱਚ 14, ਮੂਣਕ ਵਿੱਚ 14, ਫ਼ਤਹਿਗੜ੍ਹ ਵਿੱਚ 13, ਹਰਿਆਊ ਵਿੱਚ 13, ਲੱਡੀ ਵਿੱਚ 13, ਝੁਨੇੜੀ ਵਿੱਚ 12, ਮਕਰੋੜ ਸਾਹਿਬ ਵਿੱਚ 12 ਅਤੇ ਨਮੋਲ ਵਿੱਚ 12 ਅੱਗਾਂ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਸਨ। ਉਹਨਾਂ ਕਿਹਾ ਕਿ ਜਿਹੜੇ ਵੀ ਪਿੰਡਾਂ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਸਨ ਉਹਨਾਂ ਪਿੰਡਾਂ ਵਿੱਚ ਖੇਤੀ ਮਸ਼ੀਨਰੀ ਦੀ ਵੀ ਕੋਈ ਕਮੀ ਨਹੀਂ ਸੀ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਕੇਂਦਰੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਇਸ ਵਾਰ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ। ਜੋ ਵੀ ਕਿਸਾਨ ਜਾਂ ਆਮ ਵਿਅਕਤੀ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵੱਲੋਂ ਪਰਾਲੀ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਹੁਣੇ ਤੋਂ ਹੀ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਜ਼ਿਲ੍ਹੇ ਵਿੱਚ 69 ਕਲੱਸਟਰ ਅਫਸਰ ਅਤੇ 453 ਨੋਡਲ ਅਫਸਰ ਨਿਯੁਕਤ ਕਰ ਦਿੱਤੇ ਹਨ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰਤੀ ਕਿਸਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਕਲੱਸਟਰ ਅਫਸਰ ਅਤੇ ਨੋਡਲ ਅਫਸਰ ਇਹਨਾਂ ਘਟਨਾਵਾਂ ਉਪਰ ਆਪਣੀ ਅੱਖ ਰੱਖਣਗੇ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਗੇ।
ਉਹਨਾਂ ਆਮ ਲੋਕਾਂ ਨੂੰ ਦੱਸਿਆ ਕਿ ਉਹ ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਪਤਾ ਲੱਗਣ ਉਤੇ ਪ੍ਰਸ਼ਾਸ਼ਨ ਨੂੰ ਸੂਚਨਾ ਦੇ ਸਕਦੇ ਹਨ, ਜਿਸ ਉਪਰ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂਕਿ ਜ਼ਿਲ੍ਹਾ ਸੰਗਰੂਰ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਨੂੰ ਹਲੇ ਸਮਾਂ ਪਿਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਹੁਣੇ ਤੋਂ ਹੀ ਯਤਨ ਆਰੰਭ ਦਿੱਤੇ ਹਨ। ਇਹਨਾਂ ਕਲੱਸਟਰ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਹਿਲ ਦੇ ਅਧਾਰ ਉਤੇ ਉਹਨਾਂ ਕਿਸਾਨਾਂ ਤੱਕ ਸਿੱਧਾ ਰਾਬਤਾ ਕਾਇਮ ਕਰਨ ਜਿਹਨਾਂ ਨੇ ਪਿਛਲੇ ਸਾਲਾਂ ਦੌਰਾਨ ਕਣਕ ਜਾਂ ਝੋਨੇ ਦੀ ਰਹਿੰਦ ਖੂਹੰਦ ਨੂੰ ਲੱਗ ਲਗਾਈ ਸੀ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਜਿਹੇ ਕਿਸਾਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਹ ਅਧਿਕਾਰੀ ਇਹਨਾਂ ਕਿਸਾਨਾਂ ਦੇ ਦਰਾਂ ਤੱਕ ਖੁਦ ਪਹੁੰਚ ਕਰਨਗੇ। ਜਾਗਰੂਕਤਾ ਦੇ ਨਾਲ ਨਾਲ ਕਿਸਾਨਾਂ ਨੂੰ ਪਰਾਲੀ ਦੇ ਉਚਿਤ ਪ੍ਰਬੰਧਨ ਲਈ ਜ਼ਿਲ੍ਹਾ ਸੰਗਰੂਰ ਵਿੱਚ ਉਪਲਬਧ ਮਸ਼ੀਨਰੀ ਬਾਰੇ ਵੀ ਦੱਸਣਗੇ। ਉਹਨਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਇਸ ਵੇਲੇ 8603 ਖੇਤੀ ਮਸ਼ੀਨਰੀ ਉਪਲਬਧ ਹੈ। ਜੇਕਰ ਹੋਰ ਜਰੂਰਤ ਪਈ ਤਾਂ ਉਹ ਵੀ ਮੁਹਈਆ ਕਰਵਾ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਅਧਿਕਾਰੀਆਂ ਨੂੰ ਸਹਿਯੋਗ ਕਰਨ ਅਤੇ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।
ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਵੱਲੋਂ ਹੌਟ ਸਪਾਟ ਪਿੰਡ ਛਾਜਲੀ ਅਤੇ ਗੋਬਿੰਦਗੜ੍ਹ ਜੇਜੀਆਂ ਬਲਾਕ ਸੁਨਾਮ ਵਿਖੇ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਨ੍ਹਾਂ ਪਿੰਡਾਂ ਵਿੱਚ ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਲੱਗਣ ਦੀਆਂ ਜਿਆਦਾ ਘਟਨਾਵਾਂ ਪਾਈਆਂ ਗਈਆਂ ਸਨ। ਇਸ ਦੇ ਨਾਲ ਹੀ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਧਰਮਿੰਦਰਜੀਤ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਇਸ ਵਿੱਚ ਵਰਤੀ ਜਾਂਦੀ ਮਸ਼ੀਨਰੀ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਸਬੰਧੀ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਤਾਂ ਜੋ ਕਿਸਾਨ ਆਉਣ ਵਾਲੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ।
ਇਸ ਮੌਕੇ ਸ਼੍ਰੀ ਪਰਮੋਦ ਸਿੰਗਲਾ ਐਸ.ਡੀ.ਐਮ. ਸੁਨਾਮ, ਸ਼੍ਰੀ ਰੋਹਿਤ ਸਿੰਗਲਾ ਵਾਤਾਵਰਨ ਇੰਜੀਨੀਅਰ, ਪੀ.ਪੀ.ਸੀ.ਬੀ., ਡਾ. ਇੰਦਰਜੀਤ ਸਿੰਘ ਖੇਤੀਬਾੜੀ ਅਫਸਰ, ਇੰਜ. ਗੁਰਿੰਦਰ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ ਸੰਗਰੂਰ, ਡਾ. ਨਰਿੰਦਰਜੀਤ ਸਿੰਘ ਏ.ਡੀ.ਓ ਅਤੇ ਸ਼੍ਰੀ ਸੁਖਜਿੰਦਰ ਸਿੰਘ ਜੂਨੀਅਰ ਤਕਨੀਸ਼ੀਅਨ ਸੰਗਰੂਰ ਮੌਜੂਦ ਸਨ।
Get all latest content delivered to your email a few times a month.