ਤਾਜਾ ਖਬਰਾਂ
ਲੁਧਿਆਣਾ, 22 ਸਤੰਬਰ : ਲੁਧਿਆਣਾ ਸਥਾਨਕ ਮਾਡਲ ਟਾਊਨ ਸਥਿਤ ਗੁਰੂ ਤੇਗ ਬਹਾਦਰ ਮਾਰਕੀਟ ’ਚ ਖੇਡਾਂ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰ ਕੋਲ ਕਿਸੇ ਕੰਪਨੀ ਦੇ ਚੈਕਿੰਗ ਅਫਸਰ ਬਣ ਕੇ ਆਏ 3 ਨੌਸਰਬਾਜ਼ ਧਮਕਾ ਕੇ ਲੱਖ ਰੁਪਈਆ ਮੰਗਣ ਲੱਗ ਗਏ। ਦੁਕਾਨਦਾਰ ਨੂੰ ਇਨ੍ਹਾਂ ਤਿੰਨਾਂ ਉਪਰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਆਂਢ-ਗੁਆਂਢ ਦੇ ਦੁਕਾਨਦਾਰਾਂ ਨੂੰ ਮੌਕੇ ’ਤੇ ਸੱਦ ਲਿਆ। ਮਾਰਕੀਟ ਇਕੱਠੀ ਹੁੰਦੀ ਵੇਖ ਤਿੰਨੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਾਰੋਬਾਰੀ ਨੇ ਪੁਲਿਸ ਪਾਰਟੀ ਮੌਕੇ ’ਤੇ ਸੱਦ ਕੇ ਦੋ ਨੌਸਰਬਾਜ਼ਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ, ਜਦਕਿ ਤੀਜਾ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਮਾਡਲ ਟਾਊਨ ਵਾਸੀ ਕਾਰੋਬਾਰੀ ਗੁਰਮੀਤ ਸਿੰਘ ਮੁਤਾਬਕ ਉਹ ਮਾਡਲ ਟਾਊਨ ਸਥਿਤ ਜੀਟੀਬੀ ਮਾਰਕੀਟ ’ਚ ਸ਼ੇਰਾ ਸਪੋਰਟਸ ਨਾਂ ’ਤੇ ਖੇਡਾਂ ਦਾ ਸਾਮਾਨ ਵੇਚਣ ਦਾ ਕਾਰੋਬਾਰ ਕਰਦਾ ਹੈ। ਮੁਦੱਈ ਮੁਤਾਬਕ ਉਹ ਆਪਣੀ ਦੁਕਾਨ ’ਤੇ ਬੈਠਾ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਦੁਕਾਨ ’ਤੇ 3 ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ-ਆਪ ਨੂੰ ਜੇਐੱਮਆਈਪੀ ਕੰਪਨੀ ਦਿੱਲੀ ਦਾ ਚੈਕਿੰਗ ਅਫਸਰ ਦੱਸਿਆ। ਉਕਤ ਨੌਸਰਬਾਜ਼ਾਂ ਨੇ ਦੱਸਿਆ ਕਿ ਉਹ ਵੱਖ-ਵੱਖ ਬਰਾਂਡ ਦੀਆਂ ਕੰਪਨੀਆਂ ਦੇ ਜਾਅਲੀ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਉੱਪਰ ਕਾਰਵਾਈ ਕਰਦੇ ਹਨ ਤੇ ਮੁਦਈ ਉੱਪਰ ਵੀ ਕਾਰਵਾਈ ਕਰਨ ਦਾ ਡਰ ਵਿਖਾ ਕੇ ਉਸ ਕੋਲੋਂ ਕਾਰਵਾਈ ਤੋਂ ਬਚਣ ਲਈ 1 ਲੱਖ ਰੁਪਏ ਦੀ ਮੰਗ ਕਰਨ ਲੱਗ ਗਏ। ਅਜੇ ਗੱਲਬਾਤ ਚੱਲ ਹੀ ਰਹੀ ਸੀ ਕਿ ਮੁਦੱਈ ਦਾ ਭਾਣਜਾ ਸਿਮਰਨਜੀਤ ਸਿੰਘ ਦੁਕਾਨ ’ਤੇ ਆਇਆ ਤੇ ਉਸ ਨੇ ਦੱਸਿਆ ਕਿ ਇਹੋ 3 ਨੌਸਰਬਾਜ਼ 2 ਦਿਨ ਪਹਿਲਾਂ ਵੀ ਦੁਕਾਨ ’ਤੇ ਆਏ ਸਨ ਤੇ ਉਸ ਨੂੰ ਧਮਕਾ ਕੇ 50 ਹਜ਼ਾਰ ਰੁਪਏ ਲੈ ਗਏ ਸਨ, ਜਦੋਂ ਉਨ੍ਹਾਂ ਨੂੰ ਉਕਤ ਤਿੰਨਾਂ ਨੌਸਰਬਾਜ਼ਾਂ ’ਤੇ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਆਂਢ-ਗੁਆਂਢ ਦੇ ਦੁਕਾਨਦਾਰਾਂ ਨੂੰ ਮੌਕੇ ’ਤੇ ਸੱਦ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਮਾਰਕੀਟ ਦੇ ਦੁਕਾਨਦਾਰਾਂ ਨੂੰ ਇਕੱਠਾ ਹੁੰਦਾ ਵੇਖ ਤਿੰਨੋਂ ਜਣੇ ਆਪਣੀ ਜਾਨ ਬਚਾ ਕੇ ਮੌਕੇ ਤੋਂ ਫਰਾਰ ਹੋਣ ਲੱਗੇ ਤਾਂ ਉਨ੍ਹਾਂ 2 ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਦਕਿ ਤੀਜਾ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਸ਼ੁਰੂਆਤੀ ਪੜਤਾਲ ’ਚ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਧਮੀਜਾ ਤੇ ਉਸ ਦੇ ਸਾਥੀ ਰਾਜਪੁਰਾ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੇ ਰੂਪ ’ਚ ਹੋਈ ਹੈ ਤੇ ਫਰਾਰ ਮੁਲਜ਼ਮ ਦੀ ਸ਼ਨਾਖਤ ਈਸ਼ਵਰ ਸਿੰਘ ਵਾਸੀ ਮੋਹਾਲੀ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਰੂਪ ਲਾਲ ਮੁਤਾਬਕ ਦੋਨਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਅਗਲੇਰੀ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਉਨ੍ਹਾਂ ਦੇ ਤੀਜੇ ਸਾਥੀ ਈਸ਼ਵਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.