ਤਾਜਾ ਖਬਰਾਂ
ਲੁਧਿਆਣਾ, 21 ਸਤੰਬਰ : ਮਹਾਨਗਰ ’ਚ ਕੁੱਤਿਆਂ ਦਾ ਆਤੰਕ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹਰ ਰੋਜ਼ ਸਿਵਲ ਹਸਪਤਾਲ ’ਚ ਕੁੱਤਿਆਂ ਦੇ ਕੱਟਣ ਦੇ ਲੱਗਭਗ 100 ਤੋਂ 120 ਮਰੀਜ਼ ਪਹੁੰਚ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਆਵਾਰਾ ਤੇ ਪਾਲਤੂ ਕੁੱਤੇ ਬੱਚਿਆਂ, ਔਰਤਾਂ ਤੇ ਬੁਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਹੀ ਇਕ ਵਾਕਿਆ ਸ਼ਨੀਵਾਰ ਦੀ ਸ਼ਾਮ ਨੂੰ ਸਾਹਮਣੇ ਆਇਆ, ਜਿੱਥੇ ਸਲੇਮ ਟਾਬਰੀ ਦੇ ਇਲਾਕੇ ’ਚ ਇਕ ਆਵਾਰਾ ਕੁੱਤੇ ਨੇ 4 ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ। ਜਾਣਕਾਰੀ ਮੁਤਾਬਕ ਚਾਰੋਂ ਔਰਤਾਂ ਵੱਖ-ਵੱਖ ਇਲਾਕਿਆਂ ’ਚ ਰਹਿੰਦੀਆਂ ਹਨ ਅਤੇ ਉਹ ਕਿਸੇ ਨਿੱਜੀ ਕੰਮ ਦੇ ਚੱਲਦੇ ਇਸ ਇਲਾਕੇ ’ਚ ਪਹੁੰਚੀਆਂ ਸਨ, ਜਿੱਥੇ ਆਵਾਰਾ ਕੁੱਤੇ ਨੇ ਉਨ੍ਹਾਂ ’ਤੇ ਹਮਲਾ ਕੀਤਾ। ਪਰਿਵਾਰਕ ਮੈਂਬਰਾਂ ਨੇ ਔਰਤਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਇੰਜੈਕਸ਼ਨ ਦੇਣ ਤੋਂ ਬਾਅਦ ਵਾਪਸ ਘਰ ਭੇਜ ਦਿੱਤਾ ਗਿਆ। ਹਸਪਤਾਲ ’ਚ ਜਾਣਕਾਰੀ ਦਿੰਦੇ ਹੋਏ ਕਾਰਾਬਾਰਾ ਰੋਡ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਸਲੇਮ ਟਾਬਰੀ ਦੇ ਇਲਾਕੇ ’ਚ ਆਪਣੀ ਬੇਟੀ ਨੂੰ ਸਿਲਾਈ ਸੈਂਟਰ ਤੋਂ ਲੈਣ ਆਈ ਸੀ, ਜਦੋਂ ਉਹ ਗੁਰੂ ਨਾਨਕ ਨਗਰ ’ਚ ਪਹੁੰਚੀ ਤਾਂ ਇਕ ਆਵਾਰਾ ਕੁੱਤੇ ਨੇ ਉਸ ਨੂੰ ਬੁਰੀ ਤਰ੍ਹਾਂ ਦਬੋਚ ਲਿਆ। ਉਸ ਦੇ ਸ਼ੋਰ ਮਚਾਉਣ ਤੇ ਰਾਹਗੀਰਾਂ ਨੇ ਉਸ ਨੂੰ ਕੁੱਤੇ ਦੇ ਚੰਗੁਲ ਤੋਂ ਛੁਡਇਆ ਤੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜ਼ਖਮੀ ਸੰਦੀਪ ਕੌਰ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ। ਇਸੇ ਤਰ੍ਹਾਂ, ਜੱਸੀਆਂ ਚੌਕ ਦੀ ਰਿਹਾਇਸ਼ੀ ਔਰਤ ਹਰਪਾਲ ਕੌਰ ਨੇ ਦੱਸਿਆ ਕਿ ਉਹ ਗੁਰੂ ਨਾਨਕ ਨਗਰ ’ਚ ਚਾਹ ਦੀ ਦੁਕਾਨ ਲਾਉਂਦੀ ਹੈ, ਜਿਵੇਂ ਹੀ ਉਹ ਗਾਹਕ ਨੂੰ ਚਾਹ ਦੇਣ ਲਈ ਬਾਹਰ ਨਿਕਲੀ, ਉਸ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਲਿਆ। ਉਸ ਦੇ ਪੁੱਤਰ ਨੇ ਉਸ ਨੂੰ ਕੁੱਤੇ ਦੇ ਚੰਗੁਲ ਤੋਂ ਛੁਡਵਾ ਕੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਉਸੇ ਕੁੱਤੇ ਦਾ ਸ਼ਿਕਾਰ ਹੋ ਕੇ ਪਹੁੰਚੀਆਂ 2 ਹੋਰ ਜ਼ਖਮੀ ਔਰਤਾਂ, ਪੂਜਾ ਤੇ ਮਨੀਸ਼ਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸਲੇਮ ਟਾਬਰੀ ਦੇ ਇਲਾਕੇ ਵਿਚ ਹੀ ਉਕਤ ਕੁੱਤੇ ਨੇ ਨੋਚਿਆ ਹੈ। ਚਾਰੋਂ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਲਿਆ, ਜਿੱਥੇ ਉਨ੍ਹਾਂ ਨੂੰ ਇੰਜੈਕਸ਼ਨ ਦੇਣ ਤੋਂ ਬਾਅਦ ਵਾਪਸ ਘਰ ਭੇਜ ਦਿੱਤਾ ਗਿਆ। ਜ਼ਖਮੀ ਪੂਜਾ ਦੇ ਪਤੀ ਨੇ ਹਸਪਤਾਲ ਵਿਚ ਪਤਨੀ ਦੇ ਇਲਾਜ ਦੌਰਾਨ ਇਲਾਕੇ ਦੇ ਕੌਂਸਲਰ ਨੂੰ ਫੋਨ ਕਰ ਕੇ ਮਾਮਲੇ ਬਾਰੇ ਜਾਣੂ ਕਰਵਾਇਆ। ਇਸ ਤੋਂ ਬਾਅਦ ਕੌਂਸਲਰ ਨੇ ਉਸ ਨੂੰ ਭਰੋਸਾ ਦਿੱਤਾ ਕਿ ਸਵੇਰੇ ਹੀ ਉਸ ਇਲਾਕੇ ’ਚ ਨਿਗਮ ਦੀ ਟੀਮ ਭੇਜ ਕੇ ਕੁੱਤੇ ਨੂੰ ਫੜ ਲਿਆ ਜਾਵੇਗਾ।
Get all latest content delivered to your email a few times a month.