IMG-LOGO
ਹੋਮ ਪੰਜਾਬ : NGT ਨੇ ਬਠਿੰਡਾ ਸਾਲਿਡ ਵੇਸਟ ਪਲਾਂਟ ਦੀ ਮੰਗੀ ਵਿਸਥਾਰ ਰਿਪੋਰਟ

NGT ਨੇ ਬਠਿੰਡਾ ਸਾਲਿਡ ਵੇਸਟ ਪਲਾਂਟ ਦੀ ਮੰਗੀ ਵਿਸਥਾਰ ਰਿਪੋਰਟ

Admin user - Sep 21, 2025 12:19 PM
IMG

ਬਠਿੰਡਾ, 21 ਸਤੰਬਰ : ਪ੍ਰਦੇਸ਼ ਦੇ ਪਹਿਲੇ ਵੇਸਟ ਪਲਾਂਟ ਦੇ ਸੰਚਾਲਨ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਤੇ ਕੰਪਨੀ ਵਿਚਾਲੇ ਚੱਲ ਰਹੇ ਵਿਵਾਦ ਦੇ ਮਾਮਲੇ ’ਚ ਨਵੀਂ ਦਿੱਲੀ ਸਥਿਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ’ਚ ਸੁਣਵਾਈ ਜਾਰੀ ਹੈ। ਲਗਪਗ ਸਾਢੇ ਤਿੰਨ ਸਾਲ ਪਹਿਲਾਂ ਪਲਾਂਟ ਦੇ ਪਿੱਛੇ ਪੁਰਾਣੇ ਕੂੜੇ ’ਚ ਲੱਗੀ ਅੱਗ ਮਾਮਲੇ ਦੀ ਸੁਣਵਾਈ 18 ਸਤੰਬਰ ਨੂੰ ਹੋਈ ਸੀ। ਇਸ ਸੁਣਵਾਈ ’ਚ ਨਗਰ ਨਿਗਮ ਤੇ ਕੰਪਨੀ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪੋ-ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜਿਆ। ਦੋਵਾਂ ਧਿਰਾਂ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵੀ ਲਾਏ। ਇਸ ਤੋਂ ਬਾਅਦ ਐੱਨਜੀਟੀ ਨੇ ਬਠਿੰਡਾ ਨਗਰ ਨਿਗਮ ਤੇ ਜੇਆਈਟੀਐੱਫ ਵੱਲੋਂ ਬਠਿੰਡਾ ’ਚ ਠੋਸ ਕੂੜਾ ਤੇ ਪੁਰਾਣੇ ਕੂੜੇ ਦੇ ਪ੍ਰਬੰਧਨ ਸਬੰਧੀ ਨਗਰ ਨਿਗਮ ਬਠਿੰਡਾ ਤੇ ਜੇਆਈਟੀਐੱਫ ਵੱਲੋਂ ਪੇਸ਼ ਕੀਤੀਆਂ ਕਾਰਜ ਯੋਜਨਾਵਾਂ ਦੀ ਸਮੀਖਿਆ ਕੀਤੀ। ਦੋਵਾਂ ਦੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਐੱਨਜੀਟੀ ਨੇ ਨਿਰਦੇਸ਼ ਦਿੱਤਾ ਕਿ ਨਗਰ ਨਿਗਮ ਤੇ ਜੇਆਈਟੀਐੱਫ ਕੰਪਨੀ ਵਿਚਕਾਰ ਹੋਏ ਸਮਝੌਤੇ ਅਨੁਸਾਰ ਉਨ੍ਹਾਂ ਨੂੰ 29 ਸਤੰਬਰ ਤੋਂ ਪਹਿਲਾਂ ਐੱਨਜੀਟੀ ’ਚ ਬਠਿੰਡਾ ਸਾਲਿਡ ਵੇਸਟ ਪਲਾਂਟ ਸਬੰਧੀ ਆਪਣੀ ਵਿਸਥਾਰ ਰਿਪੋਰਟ ਪੇਸ਼ ਕਰਨੀ ਹੋਵੇਗੀ। ਇਸ ਰਿਪੋਰਟ ’ਚ ਕੂੜਾ ਇਕੱਠਾ ਕਰਨਾ, ਢੋਆ-ਢੁਆਈ, ਪ੍ਰੋਸੈਸਿੰਗ ਤੇ ਨਿਪਟਾਰੇ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੇਰਵਾਂ ਦੇਣਾ ਹੋਵੇਗਾ। ਇਸ ਦੇ ਨਾਲ ਹੀ ਐੱਨਜੀਟੀ ਨੇ ਪੁਰਾਣੇ ਕੂੜੇ ਤੇ ਉਸ ਦੇ ਨਿਪਟਾਰੇ ਦੀ ਸਥਿਤੀ ਸਪੱਸ਼ਟ ਕਰਨ ਦੇ ਹੁਕਮ ਨਗਰ ਨਿਗਮ ਨੂੰ ਦਿੱਤੇ ਹਨ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਪੁਰਾਣੇ ਕੂੜੇ ਦੇ ਨਿਪਟਾਰੇ ਲਈ ਕੀ ਕੋਈ ਕੰਮ ਮੁਫ਼ਤ ’ਚ ਕੀਤਾ ਗਿਆ ਜਾਂ ਫਿਰ ਉਸ ਦਾ ਭੁਗਤਾਨ ਕੀਤਾ ਗਿਆ। ਇਸ ਦੀ ਪੂਰੀ ਰਿਪੋਰਟ ਅਗਲੀ ਸੁਣਵਾਈ ਤੋਂ ਪਹਿਲਾਂ ਐੱਨਜੀਟੀ ਨੂੰ ਪੇਸ਼ ਕਰਨੀ ਹੋਵੇਗੀ। ਐੱਨਜੀਟੀ ਨੇ ਮੌਜੂਦਾ ਸਮੇਂ ’ਚ ਪੁਰਾਣੇ ਕੂੜੇ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਹੈ, ਜਿਸ ’ਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਕਿੰਨਾ ਕੂੜਾ ਖ਼ਤਮ ਕੀਤਾ ਗਿਆ ਹੈ ਤੇ ਕਿੰਨਾ ਹਾਲੇ ਬਚਿਆ ਹੈ। ਐੱਨਜੀਟੀ ਨੇ ਨਿਗਮ ਤੇ ਜੇਆਈਟੀਐੱਫ ਕੰਪਨੀ ਦੋਵਾਂ ਨੂੰ ਝਾੜ ਲਗਾਉਂਦੇ ਹੋਏ ਕਿਹਾ ਕਿ ਲੋੜ ਪੈਣ ’ਤੇ ਮੌਕੇ ਦਾ ਨਿਰੀਖਣ ਕੀਤਾ ਜਾਵੇਗਾ, ਤਾਂਕਿ ਵਾਤਾਵਰਣ ਤੇ ਸਿਹਤ ਪ੍ਰਭਾਵ ਨੂੰ ਬਿਹਤਰ ਸਮਝਿਆ ਜਾ ਸਕੇ। ਐੱਨਜੀਟੀ ਨੇ ਕਿਹਾ ਕਿ ਜਲਦੀ ਇਕ ਟੀਮ ਬਠਿੰਡਾ ਸਾਲਿਡ ਵੇਸਟ ਪਲਾਂਟ ਦੀ ਸਾਈਟ ਦਾ ਨਿਰੀਖਣ ਕਰੇਗੀ ਤੇ ਨਿਗਮ ਤੇ ਜੇਆਈਟੀਐੱਫ ਕੰਪਨੀ ਵੱਲੋਂ ਦਿੱਤੀ ਗਈ ਰਿਪੋਰਟ ਦੀ ਜ਼ਮੀਨੀ ਪੱਧਰ ’ਤੇ ਜਾਂਚ ਕਰੇਗੀ। ਫਿਲਹਾਲ, ਐੱਨਜੀਟੀ ਨੇ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਤੈਅ ਕੀਤੀ ਹੈ ਅਤੇ ਹੁਕਮ ਦਿੱਤਾ ਹੈ ਕਿ ਸੁਣਵਾਈ ਤੋਂ ਪਹਿਲਾਂ ਮੰਗੀ ਗਈ ਪੂਰੀ ਰਿਪੋਰਟ ਪੇਸ਼ ਕਰੋ।

ਪਿਛਲੇ ਵਰ੍ਹੇ ਵੀ ਐੱਨਜੀਟੀ ਨੇ ਨਿਗਮ ਤੇ ਕੰਪਨੀ ਦੀ ਕਾਗਜ਼ੀ ਰਿਪੋਰਟ ਮੰਨਣ ਤੋਂ ਕੀਤਾ ਸੀ ਇਨਕਾਰ

ਪਿਛਲੇ ਵਰ੍ਹੇ ਵੀ ਐੱਨਜੀਟੀ ਨੇ ਨਿਗਮ ਤੇ ਕੰਪਨੀ ਦੀ ਕਾਗਜ਼ੀ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਅਗਸਤ 2024 ’ਚ ਐੱਨਜੀਟੀ ਦੀ ਇਕ ਟੀਮ ਨੇ ਬਠਿੰਡਾ ਸਾਲਿਡ ਵੇਸਟ ਪਲਾਂਟ ਦਾ ਨਿਰੀਖਣ ਕੀਤਾ ਸੀ। ਨਿਰੀਖਣ ਤੋਂ ਪਹਿਲਾਂ ਐੱਨਜੀਟੀ ਨੇ ਨਗਰ ਨਿਗਮ ਵੱਲੋਂ ਪੇਸ਼ ਦਿੱਤੀ ਜਾ ਰਹੀ ਕਾਗਜ਼ੀ ਰਿਪੋਰਟਾਂ 'ਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਖ਼ੁਦ ਇਕ ਟੀਮ ਭੇਜ ਕੇ ਪਲਾਂਟ ਦੀ ਸਥਿਤੀ ਦੀ ਜਾਣਕਾਰੀ ਹਾਸਲ ਕਰਨ ਲਈ ਨਿਗਮ ਅਧਿਕਾਰੀਆਂ ਨੂੰ ਕਿਹਾ ਸੀ। ਐੱਨਜੀਟੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਨਿਗਮ ਵੱਲੋਂ ਭੇਜੀ ਗਈ ਕਾਗਜ਼ੀ ਰਿਪੋਰਟ ’ਤੇ ਭਰੋਸਾ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਠਿੰਡਾ ਸਾਲਿਡ ਵੇਸਟ ਪਲਾਂਟ ਐੱਨਜੀਟੀ ਦੀ ਗਾਈਡਲਾਈਨ ਅਨੁਸਾਰ ਨਹੀਂ ਚੱਲ ਰਿਹਾ ਹੈ। ਉਥੋਂ ਹਰ ਰੋਜ਼ ਗੰਦੀ ਬਦਬੂ ਆ ਰਹੀ ਹੈ, ਜਦਕਿ ਕੂੜੇ ਦਾ ਨਿਪਟਾਰਾ ਕਰਨ ਦੌਰਾਨ ਵੀ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਜਾ ਰਹੀ ਹੈ, ਜਦਕਿ ਪਲਾਂਟ ਦੇ ਪਿੱਛੇ ਵੀ ਕੂੜੇ ਦੇ ਵੱਡੇ ਪਹਾੜ ਲੱਗ ਚੁੱਕੇ ਹਨ।

ਆਰਬੀਟਰੇਸ਼ਨ ’ਚ ਕੇਸ ਹਾਰ ਚੁੱਕੀ ਹੈ ਜੇਆਈਟੀਐੱਫ ਕੰਪਨੀ

ਆਰਬੀਟਰੇਸ਼ਨ ’ਚ ਆਪਣਾ ਕੇਸ ਹਾਰਨ ਚੁੱਕੀ ਜੇਆਈਟੀਐੱਫ ਕੰਪਨੀ ਨੂੰ ਹੁਣ ਮੁੜ ਤੋਂ ਇਸ ਪਲਾਂਟ ਨੂੰ ਅਗਲੇ 10 ਵਰ੍ਹਿਆਂ ਤੱਕ ਸੰਚਾਲਿਤ ਕਰਨ ਲਈ ਕੰਮ ਕਰਨਾ ਪੈ ਰਿਹਾ ਹੈ। ਕਿਉਂਕਿ ਟਰਮੀਨੇਸ਼ਨ ਨੋਟਿਸ ਦੇਣ ਮਗਰੋਂ ਕੰਪਨੀ ਨੇ ਇਸ ਪਲਾਂਟ ਨੂੰ ਬੰਦ ਕਰਨ ਲਈ ਲਗਪਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ ਤੇ ਪਲਾਂਟ ਦੇ ਪੂਰਾਣੇ ਤੇ ਖ਼ਰਾਬ ਹੋ ਚੁੱਕੇ ਸਾਮਾਨ ਨੂੰ ਵੇਚਣ ਤੋਂ ਲੈ ਕੇ ਪਲਾਂਟ ਦੇ ਸਟਾਫ ’ਚ ਕਟੌਤੀ ਕਰ ਦਿੱਤੀ ਸੀ ਪਰ ਬੀਤੀ 21 ਮਈ 2025 ਨੂੰ ਆਰਬੀਟੇਸ਼ਨ ਪੈਨਲ ਦੇ ਫ਼ੈਸਲੇ ਮਗਰੋਂ ਜਿੱਥੇ ਕੰਪਨੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਵਿਚਾਲੇ ਛੱਡ ਕੇ ਭੱਜਣਾ ਚਾਹੁੰਦੀ ਹੈ। 

ਕੰਪਨੀ ਨੂੰ 25 ਸਾਲ ਲਈ ਦਿੱਤੀ ਜ਼ਮੀਨ

ਸ਼ਹਿਰ ਨੂੰ ਗੰਦਗੀ ਤੋਂ ਮੁਕਤ ਕਰਨ ਤੇ ਇਸਦੇ ਨਿਪਟਾਰੇ ਦਾ ਪ੍ਰਬੰਧਨ ਕਰਨ ਲਈ ਨਗਰ ਨਿਗਮ ਨੇ ਕੰਪਨੀ ਨੂੰ 23 ਨਵੰਬਰ, 2011 ਤੋਂ 22 ਨਵੰਬਰ, 2036 ਤੱਕ 25 ਸਾਲਾਂ ਦੀ ਮਿਆਦ ਲਈ ਠੋਸ ਕੂੜਾ ਪ੍ਰਬੰਧਨ ਪਲਾਂਟ ਦੀ ਸਥਾਪਨਾ ਲਈ ਜ਼ਮੀਨ ਦਿੱਤੀ। ਇੱਥੇ ਪਲਾਂਟ ਨਵੰਬਰ 2015 ’ਚ ਸ਼ੁਰੂ ਹੋਇਆ। ਐਗਰੀਮੈਂਟ ਅਨੁਸਾਰ ਰੋਜ਼ਾਨਾ 350 ਮੀਟ੍ਰਿਕ ਟਨ ਕੂੜਾ ਪ੍ਰੋਸੈਸਿੰਗ ਦੀ ਸਮਰੱਥਾ ਵਾਲੇ ਪਲਾਂਟ ’ਚ ਬਠਿੰਡਾ ਨਗਰ ਨਿਗਮ ਸਮੇਤ 17 ਸ਼ਹਿਰੀ ਨਗਰ ਕੌਂਸਲ ਦਾ ਕੂੜਾ ਪ੍ਰੋਸੈੱਸ ਹੋਣ ਦੀ ਵਿਵਸਥਾ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.