IMG-LOGO
ਹੋਮ ਪੰਜਾਬ : 'ਨਸ਼ੇ 'ਚ ਹਾਦਸਾ ਹੋਣ 'ਤੇ ਫ਼ੌਜੀ ਨੂੰ ਨਹੀਂ ਮਿਲੇਗੀ ਵਿਕਲਾਂਗਤਾ...

'ਨਸ਼ੇ 'ਚ ਹਾਦਸਾ ਹੋਣ 'ਤੇ ਫ਼ੌਜੀ ਨੂੰ ਨਹੀਂ ਮਿਲੇਗੀ ਵਿਕਲਾਂਗਤਾ ਪੈਨਸ਼ਨ

Admin user - Sep 20, 2025 01:31 PM
IMG

ਚੰਡੀਗੜ੍ਹ, 20 ਸਤੰਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਮਹੱਤਵਪੂਰਨ ਫੈਸਲੇ 'ਚ ਸਾਫ ਕੀਤਾ ਹੈ ਕਿ ਜੇਕਰ ਕੋਈ ਫ਼ੌਜੀ ਸ਼ਰਾਬ ਦੇ ਨਸ਼ੇ 'ਚ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੀ ਵਿਕਲਾਂਗਤਾ ਨੂੰ ਫ਼ੌਜੀ ਸੇਵਾ ਨਾਲ ਜੁੜਿਆ ਨਹੀਂ ਮੰਨਿਆ ਜਾਵੇਗਾ ਤੇ ਉਹ ਵਿਕਲਾਂਗਤਾ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ। ਇਹ ਫੈਸਲਾ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਵਿਕਾਸ ਸੂਰੀ ਦੀ ਬੈਂਚ ਨੇ ਹੌਲਦਾਰ ਕੌਲਵੰਤ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਣਾਇਆ। ਪਟੀਸ਼ਨਰ ਨੇ ਆਰਮਡ ਫੋਰਸਿਜ਼ ਟ੍ਰਿਬਿਊਨਲ (ਦਿੱਲੀ ਬੈਂਚ) ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਉਸ ਦੀ ਵਿਕਲਾਂਗਤਾ ਨੂੰ ਫ਼ੌਜੀ ਸੇਵਾ ਨਾਲ ਅਸੰਬੰਧਿਤ ਮੰਨਿਆ ਗਿਆ ਸੀ ਤੇ ਪੈਨਸ਼ਨ ਦੇ ਲਾਭ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਨਵਰੀ 1999 'ਚ ਹੌਲਦਾਰ ਕੌਲਵੰਤ ਸਿੰਘ ਇਕ ਜੂਨੀਅਰ ਕਮਿਸ਼ਨਡ ਅਫਸਰ ਨੂੰ ਰੇਲਵੇ ਸਟੇਸ਼ਨ ਛੱਡਣ ਲਈ ਸਕੂਟਰ 'ਤੇ ਲੈ ਜਾ ਰਹੇ ਸਨ। ਇਸ ਦੌਰਾਨ ਉਸ ਨਾਲ ਹਾਦਸਾ ਹੋ ਗਿਆ ਤੇ ਉਸ ਦੀ ਲੱਤ ਦੀਆਂ ਹੱਡੀਆਂ ਟੁੱਟ ਗਈਆਂ। ਮੈਡੀਕਲ ਬੋਰਡ ਨੇ ਉਸ ਨੂੰ 30 ਫੀਸਦ ਵਿਕਲਾਂਗ ਐਲਾਨ ਦਿੱਤਾ। ਸਿੰਘ ਦੀ ਦਲੀਲ ਸੀ ਕਿ ਇਹ ਹਾਦਸਾ ਉਸ ਦੇ ਸੀਨੀਅਰ ਅਧਿਕਾਰੀ ਦੇ ਹੁਕਮ ਦੀ ਪਾਲਣਾ ਕਰਦੇ ਸਮੇਂ ਹੋਇਆ, ਇਸ ਲਈ ਇਸਨੂੰ ਸੇਵਾ ਸੰਬੰਧੀ ਮੰਨਿਆ ਜਾਣਾ ਚਾਹੀਦਾ ਹੈ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੈਨਸ਼ਨ ਨਿਯਮਾਂ ਮੁਤਾਬਕ ਜੇਕਰ ਵਿਕਲਾਂਗਤਾ 20 ਪ੍ਰਤੀਸ਼ਤ ਤੋਂ ਵੱਧ ਹੈ ਅਤੇ ਫ਼ੌਜੀ ਸੇਵਾ ਨਾਲ ਜੁੜੀ ਹੈ ਤਾਂ ਵਿਕਲਾਂਗਤਾ ਪੈਨਸ਼ਨ ਮਿਲਣੀ ਚਾਹੀਦੀ ਹੈ। ਸਿੰਘ ਨੇ ਕਿਹਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ, ਫਿਰ ਵੀ ਉਹ ਸੀਨੀਅਰ ਦੇ ਹੁਕਮ 'ਤੇ ਜਾਣ ਲਈ ਮਜਬੂਰ ਹੋਏ ਸਨ। ਫੌਜ ਨੇ ਦਾਅਵਾ ਕੀਤਾ ਕਿ ਸਿੰਘ ਬਿਨਾਂ ਗੇਟ ਪਾਸ ਦੇ ਯੂਨਿਟ ਤੋਂ ਬਾਹਰ ਨਿਕਲੇ ਸਨ, ਉਸ ਸਮੇਂ ਉਹ ਸ਼ਰਾਬ ਦੇ ਨਸ਼ੇ 'ਚ ਸਨ ਅਤੇ ਖ਼ੁਦ ਸਕੂਟਰ ਚਲਾ ਰਹੇ ਸਨ। ਇਸ ਲਈ ਇਹ ਹਾਦਸਾ ਫ਼ੌਜੀ ਕਰਤੱਵਾਂ ਦੇ ਦਾਇਰੇ 'ਚ ਨਹੀਂ ਆਉਂਦਾ। ਹਾਈ ਕੋਰਟ ਨੇ ਮੰਨਿਆ ਕਿ ਭਾਵੇਂ ਸੀਨੀਅਰ ਅਧਿਕਾਰੀ ਨੇ ਹੁਕਮ ਦਿੱਤਾ ਹੋਵੇ, ਪਰ ਸ਼ਰਾਬ ਪੀ ਚੁੱਕੇ ਫ਼ੌਜੀ ਨੂੰ ਗੱਡੀ ਚਲਾਉਣ ਤੋਂ ਇਨਕਾਰ ਕਰਨਾ ਚਾਹੀਦਾ ਸੀ ਜਾਂ ਆਪਣੇ ਸੀਨੀਅਰ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ। ਸ਼ਰਾਬ ਦੇ ਨਸ਼ੇ 'ਚ ਵਾਹਨ ਚਲਾਉਣਾ ਕਿਸੇ ਵੀ ਸਥਿਤੀ 'ਚ ਠੀਕ ਨਹੀਂ ਮੰਨਿਆ ਜਾ ਸਕਦਾ। ਬੈਂਚ ਨੇ ਕਿਹਾ, “ਪਟੀਸ਼ਨਰ ਸ਼ਰਾਬ ਦੇ ਨਸ਼ੇ 'ਚ ਸਕੂਟਰ ਚਲਾ ਰਿਹਾ ਸੀ। ਇਸ ਸੰਦਰਭ 'ਚ ਟ੍ਰਿਬਿਊਨਲ ਦਾ ਇਹ ਨਤੀਜਾ ਕਿ ਇਹ ਸੱਟ ਫ਼ੌਜੀ ਸੇਵਾ ਨਾਲ ਸੰਬੰਧਿਤ ਨਹੀਂ ਹੈ, ਤੱਥਾਂ ਮੁਤਾਬਕ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਗਲਤੀ ਨਹੀਂ ਹੈ। ਕੋਰਟ ਨੇ ਸਾਫ ਕੀਤਾ ਕਿ ਇਸ ਮਾਮਲੇ 'ਚ ਵਿਕਲਾਂਗਤਾ ਨੂੰ ਫ਼ੌਜੀ ਸੇਵਾ ਨਾਲ ਜੁੜਿਆ ਨਹੀਂ ਮੰਨਿਆ ਜਾ ਸਕਦਾ। ਇਸ ਲਈ, ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ 6 ਅਪ੍ਰੈਲ, 2023 ਦੇ ਹੁਕਮ ਨੂੰ ਸਹੀ ਠਹਿਰਾਉਂਦਿਆਂ ਹੌਲਦਾਰ ਕੌਲਵੰਤ ਸਿੰਘ ਦੀ ਪਟੀਸ਼ਨ ਖਾਰਜ ਕਰ ਦਿੱਤੀ। ਹਾਈ ਕੋਰਟ ਨੇ ਕਿਹਾ, "ਸ਼ਰਾਬ ਪੀ ਕੇ ਵਾਹਨ ਚਲਾਉਣਾ ਅਨੁਸ਼ਾਸਨਹੀਣਤਾ ਹੈ। ਸ਼ਰਾਬ ਦੇ ਨਸ਼ੇ 'ਚ ਹੋਇਆ ਹਾਦਸਾ ਫ਼ੌਜੀ ਸੇਵਾ ਨਾਲ ਜੁੜਿਆ ਨਹੀਂ ਹੈ।"

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.