ਤਾਜਾ ਖਬਰਾਂ
ਚੰਡੀਗੜ੍ਹ, 20 ਸਤੰਬਰ : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ’ਤੇ ਇਕ ਹੋਰ ਝੂਠਾ ਕੇਸ ਦਰਜ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਕੇਸ ਦਰਜ ਕਰਨ ਦੀ ਸੰਭਾਵਨਾ ਦੇ ਡਰ ਕਾਰਨ ਖਹਿਰਾ ਤੇ ਉਨ੍ਹਾਂ ਦਾ ਪੁੱਤ ਕਿਸੇ ਅਣਦੱਸੀ ਥਾਂ ’ਤੇ ਚਲੇ ਗਏ ਹਨ। ਖਹਿਰਾ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਪੰਜ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਸ ਨੂੰ ਪੰਜ ਮਹੀਨਿਆਂ ਲਈ ਜੇਲ੍ਹ ਭੇਜਣ ਵਾਸਤੇ ਝੂਠਾ ਕੇਸ ਦਰਜ ਕਰਨ ਦੀ ਚਾਰਾਜੋਈ ਕੀਤੀ ਜਾ ਰਹੀ ਹੈ। ਸਰਕਾਰ ਦੇ ਇਸ ਰਵੱਈਏ ਖਿਲਾਫ਼ ਖਹਿਰਾ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਆਵਾਜ਼ ਬਲੁੰਦ ਕਰਨ ਦੀ ਅਪੀਲ ਵੀ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਦੇ ਸੀਨੀਅਰ ਆਗੂ ਆਪਣੇ ਸਾਥੀਆਂ ਦੇ ਨਾਲ ਹੀ ਨਹੀਂ ਖੜ੍ਹਨਗੇ ਤਾਂ ਸਾਡੇ ਵਰਕਰ ਅਜਿਹੇ ਆਗੂਆਂ ਤੋਂ ਕੀ ਉਮੀਦ ਰੱਖਣਗੇ? ਖਹਿਰਾ ਨੇ ਇਸ ਬਿਆਨ ਨਾਲ ਜਿੱਥੇ ਪਾਰਟੀ ਆਗੂਆਂ ਨੂੰ ਮਦਦ ਲਈ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ, ਉੱਥੇ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਪਾਰਟੀ ਦੀ ਲੀਡਰਸ਼ਿਪ ਅੰਦਰੂਨੀ ਗੁੱਟਬਾਜ਼ੀ ਦਾ ਸ਼ਿਕਾਰ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਪਰਗਟ ਸਿੰਘ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਨੇ ਖਹਿਰਾ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਖਿਲਾਫ਼ ਬੋਲਣ ਵਾਲਿਆਂ ਦੀ ਅਵਾਜ਼ ਬੰਦ ਕਰਨ ਲਈ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਸੁਖਪਾਲ ਖਹਿਰਾ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤੇ ਜਾਣ ਦਾ ਡਰ ਹੈ। ਵਿਜੀਲੈਂਸ ਨੇ ਪਿਛਲੇ ਮਹੀਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਵੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ, ਜੋ ਇਸ ਵਕਤ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿਚ ਬੰਦ ਹਨ। ਇਸੇ ਤਰ੍ਹਾਂ ਵਿਜੀਲੈਂਸ ਨੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਜਮਾਨਤ ਮਿਲਣ ਉਪਰੰਤ ਇਕ ਹੋਰ ਕੇਸ ਦਰਜ਼ ਕੀਤਾ ਹੈ। ਖਹਿਰਾ ਨੇ ਆਪਣੇ ਫੇਸਬੁੱਕ ਪੇਜ਼ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਅਤੇ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਹੈ? ਖਹਿਰਾ ਅਨੁਸਾਰ ਇਕ ਆਪ ਆਗੂ ਦੀ ਅਗਵਾਈ ਹੇਠ ਤਿੰਨ ਵਕੀਲਾਂ ਦੀ ਟੀਮ ਹੈ। ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਲਈ ਦਿੱਲੀ ਵਿਚ ਇਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਹੈ। ਖਹਿਰਾ ਅਨੁਸਾਰ ਇਹ ਵਕੀਲ ਮੁੱਖ ਮੰਤਰੀ ਨੂੰ ਬਾਈਪਾਸ ਕਰਕੇ ਪੁਲਿਸ ਤੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਹਨ ਤੇ ਸਿਆਸੀ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੰਦੇ ਹਨ। ਖਹਿਰਾ ਨੇ ਕਿਹਾ ਕਿ ਪੰਜ ਝੂਠੇ ਕੇਸ ਦਰਜ ਕਰ ਕੇ ਪੰਜ ਮਹੀਨਿਆਂ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਇਹ ਟੀਮ ਪੰਜਾਬ ਪੁਲਿਸ ’ਤੇ ਕਿਸੇ ਵੀ ਤਰ੍ਹਾਂ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕਰਨ ਲਈ ਦਬਾਅ ਪਾ ਰਹੀ ਹੈ। ਖਹਿਰਾ ਦਾ ਕਹਿਣਾ ਹੈ ਕਿ ਉਸ ਤੋਂ ਬਿਨਾਂ ਅੱਠ-ਦਸ ਹੋਰ ਆਗੂਆਂ ਦੀ ਸੂਚੀ ਹੈ ਜੋ ਪਾਰਟੀ ਦੇ ਸਿਰਮੌਰ ਆਗੂ ਦੀ ਹਿੱਟ ਲਿਸਟ ਵਿਚ ਹਨ।
Get all latest content delivered to your email a few times a month.