IMG-LOGO
ਹੋਮ ਪੰਜਾਬ : ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 7 ਕਿੱਲੋ 100 ਗ੍ਰਾਮ ਹੈਰੋਇਨ...

ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 7 ਕਿੱਲੋ 100 ਗ੍ਰਾਮ ਹੈਰੋਇਨ ਸਣੇ ਇਕ ਗ੍ਰਿਫ਼ਤਾਰ

Admin user - Sep 18, 2025 03:35 PM
IMG

ਅੰਮ੍ਰਿਤਸਰ, 18 ਸਤੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ ਜੱਗਾ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਸਿੰਡੀਕੇਟ ਦੇ ਮੁੱਖ ਕਾਰਕੁੰਨ ਨੂੰ 7.1 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਕੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਯਾਸੀਨ ਮੁਹੰਮਦ (22) ਵਜੋਂ ਹੋਈ ਹੈ, ਜੋ ਕਿ ਸੰਭਲ, ਉੱਤਰ ਪ੍ਰਦੇਸ਼ (ਯੂਪੀ) ਦੇ ਪਿੰਡ ਅਟਵਾ ਦਾ ਵਾਸੀ ਹੈ ਤੇ ਇਸ ਵੇਲੇ ਮੋਹਾਲੀ ਦੇ ਪਿੰਡ ਲਾਲੜੂ ’ਚ ਰਹਿ ਰਿਹਾ ਸੀ। ਮੁਲਜ਼ਮ ਦਾ ਅਪਰਾਧਿਕ ਪਿਛੋਕੜ ਹੈ ਤੇ ਉਸ ਵਿਰੁੱਧ ਅਸਲਾ ਐਕਟ, ਐੱਨਡੀਪੀਐੱਸ ਐਕਟ, ਚੋਰੀ ਤੇ ਸਨੈਚਿੰਗ ਦੇ ਮਾਮਲੇ ਦਰਜ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਗਪ੍ਰੀਤ ਸਿੰਘ ਉਰਫ਼ ਜੱਗਾ ਪਾਕਿਸਤਾਨ-ਆਧਾਰਤ ਤਸਕਰਾਂ ਦੇ ਸੰਪਰਕ ’ਚ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਯਾਸੀਨ ਮੁਹੰਮਦ ਨਾਲ ਮਿਲ ਕੇ ਨੈੱਟਵਰਕ ਚਲਾ ਰਿਹਾ ਸੀ। ਡੀਜੀਪੀ ਨੇ ਕਿਹਾ ਕਿ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗੱਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ। ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪੁਖ਼ਤਾ ਇਤਲਾਹ ਮਿਲੀ ਸੀ ਕਿ ਮੁਲਜ਼ਮ ਜਗਪ੍ਰੀਤ ਦੇ ਨਿਰਦੇਸ਼ਾਂ ’ਤੇ ਉਸਦੇ ਸਾਥੀ ਨੇ ਅਜਨਾਲਾ ਸੈਕਟਰ ਦੇ ਨਿਰਧਾਰਤ ਖੇਤਰ ’ਚ ਪਾਕਿ-ਆਧਾਰਤ ਤਸਕਰਾਂ ਵੱਲੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਕ ਖ਼ੂਫੀਆ ਆਪ੍ਰੇਸ਼ਨ ਚਲਾਇਆ ਤੇ ਸ਼ੱਕੀ ਯਾਸੀਨ ਮੁਹੰਮਦ ਨੂੰ ਛੇਹਰਟਾ ਦੇ ਵਡਾਲੀ ਤੋਂ ਉਦੋਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਪਰਤ ਰਿਹਾ ਸੀ। ਸੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਨਸ਼ੀਲੇ ਪਦਾਰਥ ਦੀ ਬਰਾਮਦਗੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਯਾਸੀਨ ਖੇਪ ਨੂੰ ਜਗਪ੍ਰੀਤ ਤੱਕ ਪਹੁੰਚਾਉਂਦਾ ਸੀ, ਜੋ ਅੱਗੇ ਇਸ ਨੂੰ ਪੰਜਾਬ ਦੇ ਮਾਲਵਾ ਖੇਤਰ ’ਚ ਆਪਣੇ ਸੰਪਰਕਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਦੋਵੇਂ ਇਕੱਠੇ ਲੁਧਿਆਣਾ ਜੇਲ੍ਹ ’ਚ ਬੰਦ ਸਨ। ਉਨ੍ਹਾਂ ਕਿਹਾ ਕਿ ਹੋਰ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਆਸ ਹੈ। ਇਸ ਸਬੰਧੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਛੇਹਰਟਾ ਵਿਖੇ ਐੱਨਡੀਪੀਐੱਸ ਐਕਟ ਦੀ ਧਾਰਾ-21ਸੀ ਤੇ 25 ਤਹਿਤ ਐੱਫਆਈਆਰ ਨੰਬਰ 186 ਮਿਤੀ 15.09.2025 ਨੂੰ ਕੇਸ ਦਰਜ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.