ਤਾਜਾ ਖਬਰਾਂ
ਖਾਲੜਾ, 16 ਸਤੰਬਰ : ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਚ ਮਾਮੂਲੀ ਤਕਰਾਰ ਕਾਰਨ ਬਿਰਧ ਔਰਤ ਦੀ ਕੁੱਟਮਾਰ ਕੀਤੀ ਗਈ ਸੀ। ਪਰਿਵਾਰ ਵਾਲੇ ਉਸ ਨੂੰ ਪੱਟੀ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਪੁੱਜੀ ਥਾਣਾ ਖਾਲੜਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋ ਔਰਤਾਂ ਸਣੇ 4 ਜਣਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਹਰਪਾਲ ਸਿੰਘ ਵਾਸੀ ਵਾਂ ਤਾਰਾ ਸਿੰਘ ਨੇ ਦੱਸਿਆ ਕਿ 13 ਸਤੰਬਰ ਨੂੰ ਸੁਖਵਿੰਦਰ ਸਿੰਘ ਨੇ ਕਿਸੇ ਵਿਅਕਤੀ ਨੂੰ ਤੂੜੀ ਵੇਚੀ ਸੀ ਤੇ ਲੱਦਣ ਵੇਲੇ ਉਨ੍ਹਾਂ ਦੀ ਫ਼ਸਲ ਉੱਪਰ ਤੂੜੀ ਉੱਡ ਕੇ ਪੈ ਗਈ। ਜਦੋਂ ਉਨ੍ਹਾਂ ਨੂੰ ਤੂੜੀ ਲੱਦਣ ਤੋਂ ਰੋਕਿਆ ਗਿਆ ਤਾਂ ਝਗੜਾ ਹੋ ਗਿਆ। ਇਸ ਤੋਂ ਬਾਅਦ ਸ਼ਾਮ ਕਰੀਬ ਸਾਢੇ 6 ਵਜੇ ਜਦੋਂ ਉਸ ਦੀ ਮਾਂ ਬਲਵਿੰਦਰ ਕੌਰ ਗੁਰਦੁਆਰੇ ਮੱਥਾ ਟੇਕਣ ਜਾ ਰਹੀ ਸੀ ਤਾਂ ਰਸਤੇ ਵਿਚ ਸੁਖਵਿੰਦਰ ਸਿੰਘ, ਉਸ ਦੀ ਮਾਂ ਮਨਜੀਤ ਕੌਰ, ਪੁੱਤਰ ਸਾਜਨਪ੍ਰੀਤ ਸਿੰਘ ਤੇ ਲੜਕੀ ਨਵਪ੍ਰੀਤ ਕੌਰ ਨੇ ਉਸ ਦੀ ਮਾਂ ਨੂੰ ਘੇਰ ਕੇ ਸੱਟਾਂ ਲਗਾ ਦਿੱਤੀਆਂ। ਉਹ ਆਪਣੀ ਮਾਂ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਲੈ ਆਇਆ, ਜਿੱਥੇ ਸੋਮਵਾਰ ਸਵੇਰੇ ਕਰੀਬ ਸਾਢੇ ਵਜੇ ਮਾਂ ਨੇ ਦਮ ਤੋੜ ਦਿੱਤਾ। ਮੌਕੇ ’ਤੇ ਪੁੱਜੇ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ ਤੇ ਸੁਖਵਿੰਦਰ ਸਿੰਘ, ਮਨਜੀਤ ਕੌਰ, ਸਾਜਨਪ੍ਰੀਤ ਸਿੰਘ ਤੇ ਨਵਪ੍ਰੀਤ ਕੌਰ ਨੂੰ ਹੱਤਿਆ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Get all latest content delivered to your email a few times a month.