ਤਾਜਾ ਖਬਰਾਂ
ਜਲੰਧਰ, 16 ਸਤੰਬਰ : ਜਲੰਧਰ ਦੇ ਗੜ੍ਹਾ ’ਚ ਹੈਰੋਇਨ ਨਾਲ ਫੜੇ ਗਏ ਮਾਂ-ਪੁੱਤ ਪੰਜਾਬ ਦੇ ਕਈ ਸ਼ਹਿਰਾਂ ਦੇ ਨਸ਼ਾ ਤਸਕਰਾਂ ਦੇ ਸੰਪਰਕ ’ਚ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾਂ ਦੇ ਰਿਮਾਂਡ ’ਤੇ ਲੈ ਲਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਮਾਂ-ਪੁੱਤ ਹੈਰੋਇਨ ਕਿੱਥੋਂ ਲਿਆਉਂਦੇ ਸਨ ਤੇ ਕਿਸ ਨੂੰ ਸਪਲਾਈ ਕਰਦੇ ਸਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕੋਈ ਹੋਰ ਬਰਾਮਦਗੀ ਨਹੀਂ ਦਿਖਾਈ ਹੈ, ਪਰ ਜਾਂਚ ਕਰ ਰਹੇ ਏਐੱਸਆਈ ਸਤਵਿੰਦਰ ਕੁਮਾਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਹੋਰ ਕੌਣ-ਕੌਣ ਹੈ। ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜਲਦੀ ਹੀ ਜਲੰਧਰ ਲਿਆਂਦਾ ਗਿਆ ਹੈ ਤੇ ਹੈਰੋਇਨ ਵੀ ਬਰਾਮਦ ਕਰ ਲਈ ਜਾਵੇਗੀ। ਏਐੱਸਆਈ ਸਤਵਿੰਦਰ ਕੁਮਾਰ ਨੇ ਦੱਸਿਆ ਕਿ ਜਲੰਧਰ ਥਾਣਾ ਸੱਤ ਤੇ ਏਟੀਐੱਫ (ਐਂਟੀ ਗੈਂਗਸਟਰ ਟਾਸਕ ਫੋਰਸ) ਦੀ ਸਾਂਝੀ ਟੀਮ ਨੇ ਮਾਂ-ਪੁੱਤ ਨੂੰ ਗੜ੍ਹਾ ਇਲਾਕੇ ਤੋਂ 27 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੜ੍ਹਾ ਦੇ ਰਹਿਣ ਵਾਲੇ ਅੰਕੁਸ਼ ਮੱਲ ਤੇ ਉਸਦੀ ਮਾਂ ਜਸਬੀਰ ਕੌਰ ਵਜੋਂ ਹੋਈ ਹੈ। ਏਐੱਸਆਈ ਸਤਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਜਸਬੀਰ ਕੌਰ ਤੇ ਉਸਦੇ ਪਰਿਵਾਰ ਤੋਂ ਪੁੱਛਗਿੱਛ ਦੌਰਾਨ ਕਈ ਸਬੂਤ ਮਿਲੇ ਹਨ। ਜਾਂਚ ’ਚ ਸਾਹਮਣੇ ਆਇਆ ਹੈ ਕਿ ਇਹ ਡਰੱਗ ਨੈੱਟਵਰਕ ਸੀਮਾਪਾਰੋਂ ਜੁੜਿਆ ਹੋਇਆ ਹੈ ਕਿਉਂਕਿ ਜਸਬੀਰ ਕੌਰ ਦੀ ਧੀ ਦੇ ਮੋਬਾਈਲ ’ਚੋਂ ਪਾਕਿਸਤਾਨ ’ਚ ਬਣੇ ਪਿਸਤੌਲ ਦੀ ਤਸਵੀਰ ਵੀ ਮਿਲੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਸਵੀਰ ਫੋਨ ’ਚ ਕਿਵੇਂ ਤੇ ਕਿਉਂ ਆਈ। ਇਸ ਲਈ ਮੋਬਾਈਲ ਨੂੰ ਜ਼ਬਤ ਕਰ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
Get all latest content delivered to your email a few times a month.