ਤਾਜਾ ਖਬਰਾਂ
ਜ਼ੀਰਾ, 15 ਸਤੰਬਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਪਿੰਡ ਨੌਰੰਗ ਸਿੰਘ ਵਾਲਾ ਵਿਚ ਭਾਰੀ ਇਕੱਠ ਕਰਕੇ ਮਾਰਚ ਕੀਤਾ ਗਿਆ। ਇਸ ਇਕੱਠ ਵਿਚ ਥਾਣਾ ਮੱਲਾਂਵਾਲਾ ਦੇ ਐੱਸਐੱਚਓ ਹਰਿੰਦਰ ਸਿੰਘ ਚਮੇਲੀ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਮਾਰਚ ਕਰਕੇ ਥਾਣੇ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕੇ ਦੋਸ਼ੀਅਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ’ਤੇ ਕਿਸਾਨਾ ਨੇ ਧਰਨਾ ਮੁਲਤਵੀ ਕਰਕੇ 17 ਸਤੰਬਰ ਨੂੰ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਜਿਸ ਵਿਚ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਦੱਸਿਆ ਕੇ ਸੂਬੇ ਦੇ ਆਗੂ ਸਤਨਾਮ ਸਿੰਘ ਪੰਨੂੰ 12 ਸਤੰਬਰ ਨੂੰ ਮੀਟਿੰਗ ਤੋਂ ਬਾਅਦ ਜਥੇਬੰਧਕ ਕੰਮ ਕਾਰਨ ਪਿੰਡ ਨੌਰੰਗ ਸਿੰਘ ਵਾਲਾ ਵਿਚ ਜਸਬੀਰ ਸਿੰਘ ਦੇ ਘਰ ਵਿਚ ਠਹਿਰੇ ਹੋਏ ਸਨ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਪਿੰਡ ਦੇ ਸਰਪੰਚ ਬੂਟਾ ਸਿੰਘ ਆਪਣੇ ਚਾਰ ਪੰਜ ਸਾਥੀਆਂ ਨਾਲ ਥਾਰ ਗੱਡੀ ਤੇ ਹਮਲਾ ਕਰਨ ਦੀ ਨੀਅਤ ਨਾਲ ਰਸਤਾ ਰੋਕਿਆ ਗਿਆ ਤਾਂ ਪਤਾ ਲੱਗਣ ਤੇ ਪਿੰਡ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨ ਮੌਕੇ ’ਤੇ ਪਹੁੰਚ ਗਏ ਤੇ ਬਾਅਦ ਵਿਚ ਦੋਸ਼ੀ ਉਥੋਂ ਖਿਸਕ ਗਏ ਤੇ ਕੋਈ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ। ਆਗੂਆਂ ਨੇ ਕਿਹਾ ਕੇ ਉਕਤ ਦੋਸ਼ੀ ਤੇ ਪਹਿਲਾਂ ਵੀ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਧੱਕਾਸ਼ਾਹੀ ਕਰਨ ਦੀਆਂ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ, ਪਰ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਹਲਕਾ ਵਿਧਾਇਕ ਨਰੇਸ਼ ਕਟਾਰੀਆ ਪੂਰੀ ਸ਼ਹਿ ਤੇ ਸਪੋਟ ਕਰ ਰਿਹਾ ਹੈ। ਥਾਣਾ ਮੱਲਾਂਵਾਲਾ ਵਿਚ ਸੂਬਾ ਆਗੂ ਦਾ ਰਸਤਾ ਰੋਕਣ ਦੇ ਦੋਸ਼ ਹੇਠ ਸਰਪੰਚ ਬੂਟਾ ਸਿੰਘ ਤੇ ਪਰਚਾ ਦਰਜ ਕੀਤਾ ਗਿਆ ਹੈ। ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਿੰਨੇ ਵੀ ਪੀੜ੍ਹਤ ਪਰਿਵਾਰਾਂ ਵਲੋਂ ਦਰਖ਼ਾਸਤਾ ਦਿੱਤੀਆਂ ਗਈਆਂ ਹਨ ਉਨ੍ਹਾਂ ’ਤੇ ਤਰੁੰਤ ਕਾਰਵਾਈ ਕੀਤੀ ਜਾਵੇ ਤੇ ਕੀਤੇ ਮੁਕੱਦਮੇ ਅਧੀਨ ਉਸ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ 17 ਸਤੰਬਰ ਨੂੰ ਜ਼ਿਲ੍ਹਾ ਕਮੇਟੀ ਦੀ ਕੀਤੀ ਜਾ ਰਹੀ ਮੀਟਿੰਗ ਵਿਚ ਕੋਈ ਵੱਡਾ ਐਕਸ਼ਨ ਉਲੀਕਿਆ ਜਾਵੇਗਾ ਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪਿੰਡਾਂ ਦੇ ਲੋਕਾਂ ਤੇ ਆਵਦੇ ਬੰਦਿਆਂ ਤੋਂ ਕਰਵਾਈਆਂ ਜਾ ਰਹੀਆਂ ਧੱਕਸ਼ਾਹੀਆਂ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ, ਰਣਬੀਰ ਸਿੰਘ ਰਾਣਾ, ਅਮਨਦੀਪ ਸਿੰਘ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ, ਸੁਰਜੀਤ ਸਿੰਘ ਫੌਜ਼ੀ, ਰਣਜੀਤ ਸਿੰਘ, ਹਰਫੂਲ ਸਿੰਘ ਦੂਲੇ ਵਾਲਾ, ਸੁਖਵੰਤ ਸਿੰਘ ਲੋਹਕਾ, ਸਾਹਿਬ ਸਿੰਘ ਦੀਨੇਕੇ, ਵੀਰ ਸਿੰਘ ਨਿਜਾਮਦੀਨ, ਬਲਰਾਜ ਸਿੰਘ ਫੇਰੋਕੇ, ਮੱਖਣ ਸਿੰਘ ਵਾੜਾ ਆਦਿ ਆਗੂ ਹਾਜ਼ਰ ਸਨ।
Get all latest content delivered to your email a few times a month.