ਤਾਜਾ ਖਬਰਾਂ
ਭਵਾਨੀਗੜ੍ਹ, 15 ਸਤੰਬਰ : ਇਲਾਕੇ ਵਿਚ ਚੋਰਾਂ ਦੀ ਦਹਿਸ਼ਤ ਰੁਕਣ ਦਾ ਨਾਮ ਨਹੀਂ ਲੈ ਰਹੀ। ਬੀਤੀ ਰਾਤ ਵੀ ਅਣਪਛਾਤੇ ਚੋਰਾਂ ਨੇ ਇੱਥੇ ਬਾਲਦ ਕੈਂਚੀਆਂ ਵਿਖੇ ਸਥਿਤ ਇਕ ਪੈਸਟੀਸਾਇਡ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੋਂ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰਾਂ ਦੀ ਸਾਰੀ ਘਟਨਾ ਤੇ ਚੋਰਾਂ ਦੀ ਤਸਵੀਰ ਦੁਕਾਨ ਚ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤੇਜੇ ਪੈਸਟੀਸਾਈਡਜ਼ ਦੇ ਮਾਲਕ ਪਵਿੱਤਰ ਸਿੰਘ ਵਾਸੀ ਪਿੰਡ ਬਾਲਦ ਖੁਰਦ ਨੇ ਦੱਸਿਆ ਕਿ ਉਹ ਸ਼ਨੀਵਾਰ ਦੀ ਸ਼ਾਮ ਨੂੰ ਆਮ ਦਿਨਾਂ ਵਾਂਗ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ, ਪਰ ਜਦੋਂ ਉਨ੍ਹਾਂ ਦੇ ਪਿਤਾ ਐਤਵਾਰ ਸਵੇਰੇ ਦੁਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਦੁਕਾਨ ਦੇ ਤਾਲੇ ਤੇ ਸ਼ਟਰ ਟੁੱਟਿਆ ਹੋਇਆ ਮਿਲਿਆ ’ਤੇ ਜਦੋਂ ਉਨ੍ਹਾਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਕੈਸ਼ ਬਾਕਸ ਵਿਚ ਰੱਖੇ ਲਗਭਗ 20 ਹਜ਼ਾਰ ਰੁਪਏ ਗਾਇਬ ਸਨ। ਦੁਕਾਨਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਅੱਧੀ ਰਾਤ ਨੂੰ 3 ਨਕਾਬਪੋਸ਼ ਵਿਅਕਤੀ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਦੁਕਾਨ ਦਾ ਸ਼ਟਰ ਸੱਬਲਾਂ ਨਾਲ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਗਏ। ਸਭ ਤੋ ਪਹਿਲਾਂ ਉਨ੍ਹਾਂ ਨੇ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਨੂੰ ਤੋੜਨ ਦਾ ਕੰਮ ਕੀਤਾ ਤੇ ਸਿੱਧਾ ਗੱਲੇ ’ਚ ਪਈ ਨਕਦੀ ਨੂੰ ਲੈ ਕੇ ਭੱਜ ਗਏ। ਦੁਕਾਨਦਾਰ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਜਿਸ ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਰਾਤ ਨੂੰ ਗਸ਼ਤ ਵਧਾਵੇ ਪੁਲਿਸ : ਇਲਾਕਾ ਵਾਸੀ ਦੂਜੇ ਪਾਸੇ, ਸ਼ਹਿਰ ਤੇ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਆਮ ਲੋਕਾਂ ਤੇ ਦੁਕਾਨਦਾਰਾਂ ਚ ਦਹਿਸ਼ਤ ਦਾ ਮਾਹੌਲ ਹੈ। ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਾਸ ਕਰਕੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ।
Get all latest content delivered to your email a few times a month.