ਤਾਜਾ ਖਬਰਾਂ
ਜਲੰਧਰ, 15 ਸਤੰਬਰ : ਸ਼ਹਿਰ ’ਚ ਆਮ ਹਾਲਾਤ ਬਹਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ 10 ਦਿਨਾਂ ’ਚ ਸਫਾਈ ਮੁਹਿੰਮ ਸ਼ੁਰੂ ਕਰਨ ਦੇ ਐਲਾਨ ਦੇ ਬਾਅਦ ਐਤਵਾਰ ਨੂੰ ਨਗਰ ਨਿਗਮ ਵੱਲੋਂ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ’ਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਮੁਹਿੰਮ ਦਾ ਮੁੱਖ ਉਦੇਸ਼ ਨਾਲ ਬੀਤੇ ਦਿਨੀ ਹੋਈ ਬਰਸਾਤ ਦੇ ਬਾਅਦ ਇਕੱਠੇ ਮਲਬੇ ਦੀ ਸਫਾਈ ਕਰਨਾ ਹੈ। ਇਹ ਸਫਾਈ ਮੁਹਿੰਮ ਦੋ ਥਾਵਾਂ ਤੋਂ ਸ਼ੁਰੂ ਕੀਤੀ ਗਈ। ਪਹਿਲੀ ਮੁਹਿੰਮ ਵੈਸਟ ਹਲਕੇ ਦੇ ਬਬਰੀਕ ਚੌਕ ਤੋਂ ਮੇਅਰ ਵਿਨੀਤ ਧੀਰ ਦੀ ਅਗਵਾਈ ਸ਼ੁਰੂ ਕੀਤੀ ਗਈ। ਜਿਸ ’ਚ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਤੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਸ਼ਾਮਲ ਹੋਏ। ਜਦੋਂਕਿ ਦੂਜੇ ਪਾਸੇ ਕੈਂਟ ਹਲਕੇ ਦੇ ਰਾਮਾ ਮੰਡੀ ਤੋਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੀ ਅਗਵਾਈ ’ਚ ਸਫਾਈ ਸ਼ੁਰੂ ਕੀਤੀ ਗਈ। ਇਸ ਮੌਕੇ ਸਹਾਇਕ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਤੇ ਡਾ. ਸੁਮਿਤਾ ਅਬਰੋਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਬਬਰੀਕ ਚੌਕ ਤੋਂ ਮੇਅਰ ਵਿਨੀਤ ਧੀਰ ਨੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ, ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸ਼ਹਿਰੀਆਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਾਉਣ ਲਈ ਵਚਨਬਧਤਾ ਦੋਹਰਾਈ। ਰਾਮਾ ਮੰਡੀ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਨੇ ਕੀਤੀ। ਇਸ ਮੌਕੇ ਡਾ. ਕ੍ਰਿਸ਼ਨ ਤੇ ਡਾ. ਸੁਮੀਤਾ ਅਬਰੋਲ ਸਮੇਤ ਉੱਚ ਅਧਿਕਾਰੀਆਂ ਨੇ ਹਾਜ਼ਰੀ ਲਗਾਈ ਤੇ ਲੋਕ ਭਾਗੀਦਾਰੀ ਨੂੰ ਸਾਫ਼-ਸੁਥਰਾ ਮਾਹੌਲ ਬਣਾਉਣ ਲਈ ਜ਼ਰੂਰੀ ਦੱਸਿਆ। ਉਕਤ ਸਫਾਈ ਮੁਹਿੰਮ ਦਾ ਮੁੱਖ ਉਦੇਸ਼ ਗੰਦਗੀ ਤੇ ਮਲਬਾ ਸਾਫ਼ ਕਰਨਾ ਤੇ ਬਰਸਾਤ ਨਾਲ ਪ੍ਰਭਾਵਿਤ ਇਲਾਕਿਆਂ ਤੋਂ ਮਲਬੇ ਤੇ ਕੂੜੇ ਦੀ ਸਫਾਈ ਕਰ ਕੇ ਬਿਮਾਰੀਆਂ ਤੋਂ ਬਚਾਓ ਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣਾ ਹੈ। ਇਸ ਤੋਂ ਇਲਾਵਾ ਸਰਕਾਰੀ ਸਥਾਨਾਂ ਤੇ ਬੁਨਿਆਦੀ ਢਾਂਚੇ ਨੂੰ ਮੁੜ ਦਰੁਸਤ ਕਰ ਕੇ ਨਾਗਰਿਕ ਸਹੂਲਤਾਂ ਤੇ ਆਰਥਿਕ ਸਰਗਰਮੀਆਂ ਨੂੰ ਵਧਾਵਾ ਦੇਣਾ ਹੈ। ਜਿਨ੍ਹਾਂ ’ਚ ਸਾਫ ਪਾਣੀ ਦੀ ਸਪਲਾਈ ਤੇ ਕੂੜਾ ਪ੍ਰਬੰਧਨ ਵਰਗੀਆਂ ਮੁਢਲੀਆਂ ਸਹੂਲਤਾਂ ਨੂੰ ਨਿਰਵਿਘਣ ਜਾਰੀ ਰੱਖਣਾ ਹੈ।
Get all latest content delivered to your email a few times a month.