ਤਾਜਾ ਖਬਰਾਂ
ਚੰਡੀਗੜ੍ਹ, 14 ਸਤੰਬਰ : ਸੂਬੇ ’ਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਸ਼ਨਿਚਰਵਾਰ ਨੂੰ ਵਿਸ਼ੇਸ਼ ਗਿਰਦਾਵਰੀ ਸ਼ੁਰੂ ਹੋ ਗਈ। ਮਾਲੀਆ, ਮੁੜਵਸੇਬਾ ਤੇ ਆਪਦਾ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਤਾਂ ਜੋ ਕੋਈ ਵੀ ਪ੍ਰਭਾਵਿਤ ਪਰਿਵਾਰ ਮੁਆਵਜ਼ੇ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਹਰ ਹੜ੍ਹ ਪੀੜਤ ਨੂੰ 45 ਦਿਨਾਂ ਅੰਦਰ ਮੁਆਵਜ਼ਾ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਗ਼ੈਰ ਪ੍ਰਭਾਵਿਤ ਖੇਤਰਾਂ ਦੇ ਮਾਲੀਆ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਤਾਇਨਾਤ ਕਰਨ ਦੀ ਵੀ ਹਦਾਇਤ ਦਿੱਤੀ ਹੈ ਤਾਂ ਜੋ ਮੁਲਾਂਕਣ ਪ੍ਰਕਿਰਿਆ ਸਮੇਂ 'ਤੇ ਮੁਕੰਮਲ ਕੀਤੀ ਜਾ ਸਕੇ। ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਕੁੱਲ 2,167 ਪਟਵਾਰੀ ਤਾਇਨਾਤ ਕੀਤੇ ਗਏ ਹਨ। ਅੰਮ੍ਰਿਤਸਰ ’ਚ 196 ਪਟਵਾਰੀ, ਬਰਨਾਲਾ ’ਚ 115, ਬਠਿੰਡਾ ’ਚ 21, ਫ਼ਰੀਦਕੋਟ ’ਚ 15, ਫਾਜ਼ਿਲਕਾ ’ਚ 110, ਫਿਰੋਜ਼ਪੁਰ ’ਚ 113, ਗੁਰਦਾਸਪੁਰ ’ਚ 343, ਹੁਸ਼ਿਆਰਪੁਰ ’ਚ 291, ਜਲੰਧਰ ’ਚ 84, ਕਪੂਰਥਲਾ ’ਚ 149, ਲੁਧਿਆਣਾ ’ਚ 60, ਮਾਲੇਰਕੋਟਲਾ ’ਚ 7, ਮਾਨਸਾ ’ਚ 95, ਮੋਗਾ ’ਚ 29, ਪਠਾਨਕੋਟ ’ਚ 88, ਪਟਿਆਲਾ ’ਚ 141, ਰੂਪਨਗਰ ’ਚ 92, ਸੰਗਰੂਰ ’ਚ 107, ਐੱਸਏਐੱਸ ਨਗਰ ’ਚ 15, ਸ੍ਰੀ ਮੁਕਤਸਰ ਸਾਹਿਬ ’ਚ 25 ਅਤੇ ਜ਼ਿਲ੍ਹਾ ਤਰਨਤਾਰਨ ’ਚ 71 ਪਟਵਾਰੀ ਤਾਇਨਾਤ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਕ ਹਫ਼ਤੇ ਅੰਦਰ ਇਤਰਾਜ਼ ਪ੍ਰਗਟਾਉਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਸੁਧਾਰ ਲਈ ਬਿਨਾਂ ਕਿਸੇ ਦੇਰੀ ਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਦੱਸਿਆ ਕਿ ਹੜ੍ਹ ਸਬੰਧੀ ਤਾਜ਼ਾ ਰਿਪੋਰਟ ਮੁਤਾਬਕ ਸੂਬੇ ਭਰ ’ਚ ਲਗਪਗ 1,98,525 ਹੈੱਕਟੇਅਰ ਫ਼ਸਲ ਪ੍ਰਭਾਵਿਤ ਹੋਈ ਹੈ। ਇਸ ’ਚ ਗੁਰਦਾਸਪੁਰ ’ਚ 40,169 ਹੈੱਕਟੇਅਰ, ਪਟਿਆਲਾ ’ਚ 17,690 ਹੈੱਕਟੇਅਰ, ਤਰਨਤਾਰਨ ’ਚ 12,828 ਹੈੱਕਟੇਅਰ, ਫਾਜ਼ਿਲਕਾ ’ਚ 25,182 ਹੈੱਕਟੇਅਰ, ਫਿਰੋਜ਼ਪੁਰ ’ਚ 17,257 ਹੈੱਕਟੇਅਰ, ਕਪੂਰਥਲਾ ’ਚ 17,574 ਹੈੱਕਟੇਅਰ, ਸੰਗਰੂਰ ’ਚ 6,560 ਹੈੱਕਟੇਅਰ, ਹੁਸ਼ਿਆਰਪੁਰ ’ਚ 8,322 ਹੈੱਕਟੇਅਰ, ਅੰਮ੍ਰਿਤਸਰ ’ਚ 27,154 ਹੈੱਕਟੇਅਰ, ਜਲੰਧਰ ’ਚ 4,800 ਹੈੱਕਟੇਅਰ, ਰੂਪਨਗਰ ’ਚ 1,135 ਹੈੱਕਟੇਅਰ, ਲੁਧਿਆਣਾ ’ਚ 189 ਹੈੱਕਟੇਅਰ, ਬਠਿੰਡਾ ’ਚ 586.79 ਹੈੱਕਟੇਅਰ, ਐੱਸਏਐੱਸ ਨਗਰ ’ਚ 2,000 ਹੈੱਕਟੇਅਰ, ਐੱਸਬੀਐੱਸ ਨਗਰ ’ਚ 188 ਹੈੱਕਟੇਅਰ, ਪਠਾਨਕੋਟ ’ਚ 2,442 ਹੈੱਕਟੇਅਰ, ਮਾਨਸਾ ’ਚ 12,207.38 ਹੈੱਕਟੇਅਰ ਤੇ ਮੋਗਾ ’ਚ 2,240 ਹੈੱਕਟੇਅਰ ਖੇਤਰ ਸ਼ਾਮਲ ਹਨ। ਹੜ੍ਹ ਕਾਰਨ ਸੂਬੇ ਭਰ ’ਚ ਹੁਣ ਤੱਕ ਕੁੱਲ 56 ਲੋਕਾਂ ਦੀ ਮੌਤ ਵੀ ਹੋ ਚੁਕੀ ਹੈ।
Get all latest content delivered to your email a few times a month.