IMG-LOGO
ਹੋਮ ਪੰਜਾਬ : ਵਾਇਰਲ ਆਡੀਓ ਨੇ ਪੁਲਿਸ ਨੂੰ ਪਾਈਆਂ ਭਾਜੜਾਂ

ਵਾਇਰਲ ਆਡੀਓ ਨੇ ਪੁਲਿਸ ਨੂੰ ਪਾਈਆਂ ਭਾਜੜਾਂ

Admin user - Sep 13, 2025 07:18 PM
IMG

ਮੋਰਿੰਡਾ, 13 ਸਤੰਬਰ : ਸ਼ਹਿਰ ਵਿਚ ਸਵੇਰ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਆਡੀਓ ਨੇ ਜਿੱਥੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਉੱਥੇ ਹੀ ਪੁਲਿਸ ਨੂੰ ਵੀ ਭਾਜੜਾਂ ਪਵਾ ਦਿੱਤੀਆਂ। ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਖੋਦਿਆ ਪਹਾੜ, ਨਿਕਲਿਆ ਚੂਹਾ ਵਾਲੀ ਗੱਲ ਹੀ ਸਾਬਤ ਹੋਈ। ਦੱਸਣਯੋਗ ਹੈ ਕਿ ਬੀਤੇ ਦਿਨ ਸਵੇਰ ਵੇਲੇ ਕਿਸੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਸੰਦੇਸ਼ ਪਾਇਆ ਗਿਆ ਸੀ ਕਿ ਸਥਾਨਕ ਢੋਲਣ ਮਾਜਰਾ ਰੋਡ ਤੇ ਇੱਕ ਚਾਰੇ ਦੀਆਂ ਗੰਢਾਂ ਦਾ ਭਰਿਆ ਇੱਕ ਟਰੱਕ ਖੜਾ ਹੈ ਜੋ ਅੰਮ੍ਰਿਤਸਰ ਵੱਲ ਦੇ ਨੰਬਰ ਦਾ ਹੈ ਅਤੇ ਇਸ ਟਰੱਕ ਵਿਚ ਚਾਰੇ ਦੀਆਂ ਗੰਢਾਂ ਭਰੀਆਂ ਹੋਈਆਂ ਹਨ । ਆਡੀਓ ਵਿਚ ਕਿਹਾ ਗਿਆ ਕਿ ਜਾਪਦਾ ਹੈ ਕਿ ਇਸ ਟਰੱਕ ਵਿਚ ਹੜ੍ਹ ਪੀੜਤਾਂ ਲਈ ਪਸ਼ੂ ਚਾਰਾ ਭਰਿਆ ਹੈ ਜੋ ਸ਼ਾਇਦ ਇਹ ਵਿਅਕਤੀ ਇਧਰ ਕਿਸੇ ਨੂੰ ਵੇਚਣ ਦੀ ਤਾਂਘ ਵਿਚ ਹਨ। ਇਸ ਆਡੀਓ ਨਾਲ ਇੱਕ ਤਾਂ ਲੋਕਾਂ ਵਿਚ ਸੰਦੇਸ਼ ਗਿਆ ਕਿ ਲੋਕ ਤਾਂ ਹੜ੍ਹ ਪੀੜਤਾਂ ਲਈ ਇੱਕ ਇੱਕ ਪੈਸਾ ਇਕੱਠਾ ਕਰਕੇ ਉਨਾਂ ਦੀ ਮਦਦ ਕਰ ਰਹੇ ਹਨ ਅਤੇ ਇਸੇ ਕੜੀ ਤਹਿਤ ਦਾਨੀ ਸੱਜਣ ਪਸ਼ੂਆਂ ਲਈ ਪਸ਼ੂ ਚਾਰਾ ਤੇ ਦਵਾਈਆ ਵੀ ਭੇਜ ਰਹੇ ਹਨ। ਜਦਕਿ ਦੂਸਰੇ ਪਾਸੇ ਅਜਿਹੇ ਲੋਕ ਵੀ ਹਨ ਜੋ ਦਾਨ ਲਈ ਭੇਜਿਆ ਚਾਰਾ ਵੇਚਣ ਦੀ ਕੋਸ਼ਿਸ਼ ਵਿੱਚ ਹਨ। ਇਸ ਸਬੰਧੀ ਜਿੱਥੇ ਪੱਤਰਕਾਰਾਂ ਨੂੰ ਪਤਾ ਲੱਗਾ ਉੱਥੇ ਹੀ ਇਹ ਆਡੀਓ ਪੁਲਿਸ ਦੀ ਜਾਣਕਾਰੀ ਵਿਚ ਆਉਣ ਉਪਰੰਤ ਪੁਲਿਸ ਵੀ ਹਰਕਤ ਵਿਚ ਆਈ ਅਤੇ ਟਰੱਕ ਕੋਲ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਕਈ ਘੰਟਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਮਾਮਲਾ ਕੁਝ ਹੋਰ ਹੀ ਨਜ਼ਰ ਆਇਆ । ਇਸ ਸਬੰਧੀ ਤਫਤੀਸ਼ ਕਰ ਰਹੇ ਅਧਿਕਾਰੀ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਕਾਗਜ਼ਾਤ ਚੈੱਕ ਕਰਨ ਉਪਰੰਤ ਪਾਇਆ ਗਿਆ ਕਿ ਇਸ ਟਰੱਕ ਵਿਚ ਹੜ੍ਹ ਪੀੜਤਾਂ ਦੀ ਰਾਹਤ ਸਮੱਗਰੀ ਨਹੀਂ ਸਗੋਂ ਇਹ ਕਿਸੇ ਫੈਕਟਰੀ ਦਾ ਟਰੱਕ ਸੀ ਜੋ ਪਸ਼ੂ ਪਾਲਕਾਂ ਨੂੰ ਚਾਰਾ ਉਨਾਂ ਦੀ ਮੰਗ ਉੱਤੇ ਸਪਲਾਈ ਕਰਦੇ ਹਨ। ਪੁਲਿਸ ਅਨੁਸਾਰ ਟਰੱਕ ਤੇ ਚਾਰੇ ਸਬੰਧੀ ਕਾਗਜਾਤ ਚੈੱਕ ਕਰਨ ਉਪਰੰਤ ਟਰੱਕ ਨੂੰ ਛੱਡ ਦਿੱਤਾ ਗਿਆ। ਉਨਾਂ ਨੇ ਦੱਸਿਆ ਕਿ ਇਸ ਟਰੱਕ ਵਿਚ 19 ਗੰਢਾਂ ਚੁਕੰਦਰ ਦੇ ਚਾਰੇ ਦੀਆਂ ਸਨ। ਜਿਨ੍ਹਾਂ ਵਿਚ 5 ਗੰਢਾਂ ਪਿੰਡ ਢੋਲਣ ਮਾਜਰਾ ਦੀਆਂ ਅਤੇ 14 ਗੰਢਾਂ ਸੰਧੂਆਂ ਫ਼ਾਰਮ ਦੀਆਂ ਸਨ ਅਤੇ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਟਰੱਕ ਨੂੰ ਛੱਡ ਦਿੱਤਾ ਗਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.