ਵਿਧਾਨ ਸਭਾ ਕੰਪਲੈਕਸ ਦੇ ਬਾਹਰ ਭਾਜਪਾ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਾਰਾਜ ਮਲਿਕ ਵਿਚਕਾਰ ਲੜਾਈ ਹੋਈ। ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿਰਾਜ ਮਲਿਕ, ਵਿਧਾਇਕ ਗੈਲਰੀ ਵਿੱਚ ਪਹੁੰਚਣ ਤੋਂ ਬਾਅਦ ਭਾਜਪਾ 'ਤੇ ਦੋਸ਼ ਲਗਾ ਰਹੇ ਸਨ ਕਿ ਉਹ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਦੀ ਵਰਤੋਂ ਕਰ ਰਹੇ ਹਨ।
ਇਸ ਦੌਰਾਨ ਉਸ ਨੇ ਪੀਡੀਪੀ ਨੇਤਾ ਵਹੀਦ ਪਾਰਾ ਨੂੰ ਦੱਸਿਆ ਕਿ ਮੁਫਤੀ ਮੁਹੰਮਦ ਸਈਦ ਨੇ ਜੰਮੂ-ਕਸ਼ਮੀਰ ਦੇ ਲੋਕਾਂ ਲਈ ਵਿਚੋਲਗੀ ਕੀਤੀ ਹੈ ਤੇ ਪੀਡੀਪੀ ਤੇ ਭਾਜਪਾ ਦੀ ਮਿਲੀਭੁਗਤ ਹੈ। ਜਿਸ ਤੋਂ ਬਾਅਦ ਭਾਜਪਾ ਵਿਧਾਇਕ ਤੇ ਮਹਿਰਾਜ ਮਲਿਕ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ ਤੇ ਬਹਿਸ ਇੰਨੀ ਵੱਧ ਗਈ ਕਿ ਦੋਵਾਂ ਵਿਚਕਾਰ ਹੱਥੋਪਾਈ ਹੋ ਗਈ। ਇਸ ਦੌਰਾਨ ਮਹਿਰਾਜ ਮਲਿਕ ਨੂੰ ਧੱਕਾ ਲੱਗ ਗਿਆ ਤੇ ਉਹ ਸ਼ੀਸ਼ੇ ਦੀ ਮੇਜ਼ 'ਤੇ ਡਿੱਗ ਪਿਆ। ਇਸ ਦੌਰਾਨ ਸਾਰੇ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਬਾਹਰ ਕੱਢਿਆ।
ਭਾਜਪਾ ਨੇ ਕਿਹਾ- ਮਲਿਕ ਗਾਲ੍ਹਾਂ ਕੱਢ ਰਹੇ ਸਨ
ਭਾਜਪਾ ਦਾ ਕਹਿਣਾ ਹੈ ਕਿ ਮਹਿਰਾਜ ਮਲਿਕ ਗਾਲ੍ਹਾਂ ਕੱਢ ਰਿਹਾ ਸੀ। ਮਹਿਰਾਜ ਮਲਿਕ ਨੂੰ ਵੀ ਲਗਾਤਾਰ ਚੀਕਦੇ ਤੇ ਭਾਜਪਾ ਨੇਤਾਵਾਂ 'ਤੇ ਦੋਸ਼ ਲਗਾਉਂਦੇ ਦੇਖਿਆ ਗਿਆ, ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਹੋਇਆ। ਲੜਾਈ ਤੇ ਹੱਥੋਪਾਈ ਦਾ ਇਹ ਸਿਲਸਿਲਾ ਵਿਧਾਨ ਸਭਾ ਦੇ ਬਾਹਰ ਸ਼ੁਰੂ ਹੋਇਆ ਤੇ ਸੈਂਟਰਲ ਹਾਲ ਤੱਕ ਪਹੁੰਚ ਗਿਆ।
ਐਨਸੀ ਵਿਧਾਇਕ ਧਰਨੇ 'ਤੇ ਬੈਠੇ
ਐਨਸੀ ਵਿਧਾਇਕ ਨਜ਼ੀਰ ਅਹਿਮਦ ਗੁਰੇਜ਼ੀ ਨੇ ਸਪੀਕਰ ਨੂੰ ਕਿਹਾ ਕਿ ਭਾਵੇਂ ਤੁਸੀਂ ਆਪਣਾ ਫੈਸਲਾ ਸੁਣਾ ਦਿੱਤਾ ਹੈ ਪਰ ਜੇ ਤੁਸੀਂ ਚਾਹੋ ਤਾਂ ਆਪਣੇ ਵਿਸ਼ੇਸ਼ ਅਧਿਕਾਰ ਤੇ ਬਹਿਸ ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਕੋਈ ਤੂਫਾਨ ਨਹੀਂ ਆਵੇਗਾ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਉਸ ਨੇ ਕਿਹਾ ਕਿ ਉਹ ਹਿੰਦੂ-ਮੁਸਲਿਮ ਡਰਾਮਾ ਕਰ ਰਹੇ ਹਨ ਤੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਤੁਸੀਂ ਇਸ ਸੂਬੇ ਦਾ ਵਿਸ਼ੇਸ਼ ਦਰਜਾ ਖੋਹ ਲਿਆ, ਤੁਸੀਂ ਸਾਡੀ ਜ਼ਮੀਨ ਖੋਹ ਲਈ ਤੁਸੀਂ ਸਾਡੀ ਪਛਾਣ ਖੋਹ ਲਈ। ਇਸ 'ਤੇ ਭਾਜਪਾ ਵਿਧਾਇਕ ਗੁੱਸੇ ਵਿੱਚ ਆ ਗਏ। ਭਾਜਪਾ ਵਿਧਾਇਕ ਸਪੀਕਰ ਦੀ ਸੀਟ ਦੇ ਨੇੜੇ ਸਦਨ ਦੇ ਵਿਚਕਾਰ ਧਰਨੇ 'ਤੇ ਬੈਠ ਗਏ।