ਤਾਜਾ ਖਬਰਾਂ
ਬੈਂਗਲੋਰ, 3 ਅਪਰੈਲ-ਇਕ ਪ੍ਰੀ-ਸਕੂਲ ਦੀ ਪ੍ਰਿੰਸੀਪਲ ਤੇ ਉਸ ਦੇ ਦੋ ਸਹਿਯੋਗੀਆਂ ਨੂੰ ਪੰਜ ਸਾਲ ਦੀ ਬੱਚੀ ਦੇ ਪਿਤਾ ਤੋਂ ਪੈਸੇ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਿੰਸੀਪਲ ਨੇ 34 ਸਾਲਾ ਵਿਅਕਤੀ ਨੂੰ 20 ਲੱਖ ਰੁਪਏ ਨਾ ਦੇਣ ’ਤੇ ਨਿੱਜੀ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਸੀ। ਪੁਲਿਸ ਨੇ ਦੱਸਿਆ ਕਿ 2023 ’ਚ ਉਸ ਵਿਅਕਤੀ ਨੇ ਆਪਣੀ ਬੱਚੀ ਦਾ ਪ੍ਰੀ-ਸਕੂਲ ਵਿਚ ਦਾਖ਼ਲਾ ਕਰਵਾਇਆ ਸੀ। ਕੁਝ ਸਮੇਂ ਬਾਅਦ ਉਸ ਦੀ ਮਹਿਲਾ ਪ੍ਰਿੰਸੀਪਲ ਨਾਲ ਦੋਸਤੀ ਹੋ ਗਈ, ਜੋ ਬਾਅਦ ’ਚ ਪ੍ਰੇਮ ਸੰਬੰਧ ਵਿਚ ਬਦਲ ਗਈ। ਔਰਤ ਨੇ ਵੱਖ-ਵੱਖ ਬਹਾਨਿਆਂ ਨਾਲ ਉਸ ਤੋਂ ਚਾਰ ਲੱਖ ਰੁਪਏ ਮੰਗੇ। ਉਸ ਨੇ ਨਾਲ ਰਹਿਣ ਦੀ ਮੰਗ ਕੀਤੀ। ਜਦੋਂ ਉਸ ਦਾ ਪਰਿਵਾਰ ਬਾਹਰ ਗਿਆ ਤਾਂ ਉਹ ਉਸ ਦੇ ਘਰ ਗਈ ਤੇ 50 ਹਜ਼ਾਰ ਰੁਪਏ ਉਧਾਰ ਮੰਗੇ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਔਰਤ ਨੇ ਕਥਿਤ ਤੌਰ ’ਤੇ ਉਸ ਨੂੰ ਧਮਕਾਇਆ ਕਿ ਪੁਲਿਸ ’ਚ ਉਸ ਦੀ ਪਹੁੰਚ ਹੈ। ਇਸ ਤੋਂ ਬਾਅਦ ਉਹ ਵਿਅਕਤੀ ਉਸ ਤੋਂ ਦੂਰ ਰਹਿਣ ਲੱਗਾ। ਵਿੱਤੀ ਮੁਸ਼ਕਲਾਂ ਕਾਰਨ ਉਸ ਨੇ ਆਪਣੀ ਬੱਚੀ ਨੂੰ ਪ੍ਰੀ-ਸਕੂਲ ਤੋਂ ਹਟਾਉਣ ਤੇ ਪਰਿਵਾਰ ਨੂੰ ਗੁਜਰਾਤ ਵਿਚ ਕਿਸੇ ਹੋਰ ਥਾਂ ਲਿਜਾਣ ਦਾ ਫੈਸਲਾ ਕੀਤਾ। ਪ੍ਰਿੰਸੀਪਲ ਦੇ ਕਹਿਣ ’ਤੇ ਉਸ ਦੇ ਦੋ ਪੁਰਸ਼ ਸਹਿਯੋਗੀਆਂ ਨੇ ਉਸ ਦੇ ਨਿੱਜੀ ਵੀਡੀਓ ਤੇ ਫੋਟੋਆਂ ਵਾਇਰਲ ਨਾ ਕਰਨ ਬਦਲੇ 20 ਲੱਖ ਰੁਪਏ ਦੀ ਮੰਗ ਕੀਤੀ। ਆਪਣੀ ਇੱਜ਼ਤ ਬਚਾਉਣ ਲਈ ਉਹ 15 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਅਤੇ 1.9 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਬਾਕੀ ਦੀ ਰਕਮ ਦਾ ਭੁਗਤਾਨ ਨਾ ਕਰਨ ’ਤੇ ਉਹ ਤਿੰਨੇ ਉਸ ਨੂੰ ਤੰਗ ਕਰਨ ਲੱਗੇ। ਤੰਗ ਆ ਕੇ ਵਿਅਕਤੀ ਨੇ ਪੁਲਿਸ ਨਾਲ ਸੰਪਰਕ ਕੀਤਾ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਸੋਮਵਾਰ ਨੂੰ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ।
Get all latest content delivered to your email a few times a month.