ਤਾਜਾ ਖਬਰਾਂ
ਬਿਕਰਮਜੀਤ ਸਿੰਘ
ਅੰਮ੍ਰਿਤਸਰ, 6 ਅਕਤੂਬਰ- ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਕੇ, ਨਿਊਜ਼ੀਲੈਂਡ ਸਮੇਤ ਕਈ ਅਹਿਮ ਆਰਥਿਕ ਤੌਰ ’ਤੇ ਤਾਕਤਵਰ ਦੇਸ਼ਾਂ ਵੱਲੋਂ ਉਨ੍ਹਾਂ ਦੇਸ਼ਾਂ ਦੇ ਵਿੱਚ ਆਉਣ ਵਾਲੇ ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਤੈਅ ਕੀਤੀ ਗਈ ਨਵੀਂ ‘ਨੋ ਐਂਟਰੀ’ ਵਰਗੀ ਨਿਯਮਾਂਵਲੀ ਤੇ ਕਾਇਦੇ ਕਾਨੂੰਨਾਂ ਤੋਂ ਬਾਅਦ ਨਿਰਾਸ਼ਾ ਦੇ ਆਲਮ ਵਿਚ ਦਿਨ-ਕੱਟੀ ਕਰ ਰਹੇ ਵਿਦਿਆਰਥੀਆਂ ’ਤੇ ਹੁਣ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐੱਸਆਈ ਨਜ਼ਰਾਂ ਟਿਕਾਈ ਬੈਠੀ ਹੈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਾਰਕ ਦੇਸ਼ਾਂ ਦੇ ਨੌਜਵਾਨ ਵਰਗ ਨੂੰ ਭਰਮਾਉਣ ਲਈ ਉਹ ਹਰ ਤਰੀਕੇ ਦਾ ਪੈਮਾਨਾ ਅਜ਼ਮਾਉਣ ਲਈ ਤਰਲੋਮੱਛੀ ਹੋ ਰਹੀ ਹੈ। ਉਹ ਆਪਣੇ ਨਾਪਾਕ ਇਰਾਦੇ ਵਿਚ ਕਿੰਨਾ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਆਈਐੱਸਆਈ ਇਹ ਮੌਕਾ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ ਤੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਈਐੱਸਆਈ ਨੇ ਆਪਣੇ ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰੀਖਿਆ ਵਜੋਂ ਆਪਣੇ ਨੈੱਟਵਰਕ ਨੂੰ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਰਗਰਮ ਕੀਤਾ ਹੈ ਕਿਉਂਕਿ ਆਪਣਾ ਸਭ ਕੁਝ ਵੇਚ-ਵੱਟ ਕੇ ਵਿਦੇਸ਼ ਜਾ ਕੇ ਵਸਣ ਦਾ ਸੁਨਿਹਰੀ ਸੁਪਨਾ ਸੰਜੋਈ ਬੈਠੇ ਸਾਰਕ ਦੇਸ਼ਾਂ ਦੇ ਨੌਜਵਾਨਾਂ ਵਿਚ ਪਾਕਿ ਦਾ ਨੌਜਵਾਨ ਵਰਗ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ ਆਈਐੱਸਆਈ ਆਪਣੇ ਗੁਆਂਢੀ ਮੁਲਕਾਂ ਵਿਸ਼ੇਸ਼ ਕਰ ਭਾਰਤ ਵਿਚ ਅਸਥਿਰਤਾ ਤੇ ਅਰਾਜਕਤਾ ਦੇ ਮਾਹੌਲ ਨੂੰ ਲੈ ਕੇ ਆਪਣੀ ਤਾਕਤ ਲਿਆਕਤ ਦਾ ਮੁਜ਼ਾਹਰਾ ਕਰਕੇ ਏਸ਼ੀਆਈ ਦੇਸ਼ਾਂ ਦੇ ਵਿਚ ਆਪਣਾ ਦਬਦਬਾ ਬਣਾਉਣਾ ਚਾਹੁੰਦੀ ਹੈ। ਉਹ ਸਾਰਕ ਦੇਸ਼ਾਂ ਦੇ ਨੌਜਵਾਨ ਵਰਗ ਨੂੰ ਹਰ ਤਰੀਕੇ ਦਾ ਲੋਭ ਲਾਲਚ ਦੇ ਕੇ ਤੇ ਵਿਦੇਸ਼ਾਂ ਦੇ ਵਿਚ ਵਸਾਉਣ ਦਾ ਝਾਂਸਾ ਦੇ ਕੇ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋਣਾ ਚਾਹੁੰਦੀ ਹੈ। ਸੂਤਰਾਂ ਦੀ ਮੰਨੀਏ ਤਾਂ ਆਈਐੱਸਆਈ ਤਿਉਹਾਰੀ ਮੌਸਮ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਦੇ ਕੌਮਾਂਤਰੀ ਸਰਹੱਦੀ ਖੇਤਰ ’ਤੇ ਪੂਰੀ ਸਰਗਰਮੀ ਨਾਲ ਵਿਚਰ ਰਹੀ ਹੈ। ਆਈਐੱਸਆਈ ਦੇ ਪਾਕਿ ਸਥਿਤ ਦਫਤਰਾਂ ਵਿਚ ਹੁੰਦੀਆਂ ਮੀਟਿੰਗਾਂ ਦੌਰਾਨ ਅਕਸਰ ਹੀ ਅਜਿਹਾ ਮੁੱਦਾ ਭਾਰੀ ਹੁੰਦਾ ਹੈ। ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਪਾਕਿ ਸਮੇਤ ਹੋਰਨਾਂ ਦੇਸ਼ਾਂ ਦੇ ਨੌਜਵਾਨ ਵਰਗ ਨੂੰ ਫਰਜ਼ੀ ਸਿੱਖਿਆ ਦਸਤਾਵੇਜ਼ਾਂ ਸਮੇਤ ਐਸ਼ੋ-ਆਰਾਮ ਭਰੀ ਜ਼ਿੰਦਗੀ ਦੇ ਸਬਜ਼ਬਾਗ ਦਿਖਾ ਰਹੀ ਹੈ ਪਰ ਦੂਜੇ ਪਾਸੇ ਭਾਰਤ ਦੀਆਂ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰਤ ਖੇਤਰ ਵਾਲਾ ਖੁਫੀਆ ਤੰਤਰ ਆਈਐੱਸਆਈ ਦੇ ਦਿਸ਼ਾਂ-ਨਿਰਦੇਸ਼ਾਂ ’ਤੇ ਉੱਥੋਂ ਦਾ ਭਾੜੇ ਦੇ ਅੱਤਵਾਦੀਆਂ, ਕੱਟੜਪੰਥੀਆਂ ਆਦਿ ਰਾਹੀਂ ਕੀਤੀ ਜਾਣ ਵਾਲੀ ਭਾਰਤ ਵਿਰੋਧੀ ਕਿਸੇ ਵੀ ਪ੍ਰਕਾਰ ਦੀ ਨਾਪਾਕ ਕਾਰਵਾਈ ਦੇ ਨਾਲ ਨਜਿੱਠਣ ਲਈ ਤੇ ਹਰ ਤਰੀਕੇ ਦਾ ਮਾਕੂਲ ਜਵਾਬ ਦੇਣ ਲਈ ਤਿਆਰ ਬਰ ਤਿਆਰ ਬੈਠਾ ਹੈ ਜਦੋਂ ਕਿ ਕੰਡਿਆਲੀ ਤਾਰਾਂ ਤੋਂ ਪਾਰ ਹੋਣ ਵਾਲੀਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਮੂੰਹ-ਤੋੜਵਾਂ ਜਵਾਬ ਦੇਣ ਲਈ ਭਾਰਤੀ ਫੌਜ ਤੇ ਅਰਧ ਸੈਨਿਕ ਬਲਾਂ ਵੱਲੋਂ ਵੀ ਤਿਰਸ਼ੀਆ ਨਜ਼ਰਾਂ ਨਾਲ ਦੇਸ਼ ਦੀ ਸੁਰੱਖਿਆ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਕੁੱਲ ਮਿਲਾ ਕੇ ਪਾਕਿ ਦੀ ਬਦਨਾਮ ਖੁਫੀਆ ਏਜੰਸੀ ਵਿਦੇਸ਼ ਜਾਣ ਦੇ ਚਾਹਵਾਨ ਸਾਰਕ ਦੇਸ਼ਾਂ ਜਿਸ ਵਿਚ ਭਾਰਤ, ਪਾਕਿਸਤਾਨ, ਚੀਨ, ਨੇਪਾਲ, ਬ੍ਰਹਮਾ, ਬੰਗਲਾਦੇਸ਼ ਤੇ ਸ੍ਰੀਲੰਕਾ ਦੇ ਨੌਜਵਾਨ ਵਰਗ ਨੂੰ ਕੁਰਾਹੇ ਪਾਉਣ ਲਈ ਹਰ ਹੀਲਾ ਵਰਤ ਰਹੀ ਹੈ। ਲੋੜ ਹੈ ਇਸ ਨੌਜਵਾਨ ਵਰਗ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਦੀ।
Get all latest content delivered to your email a few times a month.