IMG-LOGO
ਹੋਮ ਪੰਜਾਬ : ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ ਦੇ 40 ਦੇ...

ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਵੇਖੀ ਬੀਬੀ ਰਜਨੀ ਫ਼ਿਲਮ 

Admin user - Sep 16, 2024 08:26 PM
IMG

ਬਾਲ ਕਿਸ਼ਨ

ਫ਼ਿਰੋਜ਼ਪੁਰ, 16 ਸਤੰਬਰ- ਪ੍ਰਮਾਤਮਾ ਵਿਚ ਵਿਸ਼ਵਾਸ਼ ਨੂੰ ਦ੍ਰਿੜ ਕਰਨ ਦੇ ਨਿਸ਼ਚੇ ਨਾਲ ਬਣੀ ਫ਼ਿਲਮ ਬੀਬੀ ਰਜਨੀ ਨੂੰ ਇਨ੍ਹੀਂ ਦਿਨੀਂ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇੱਥੋਂ ਤੱਕ ਹੈ ਕਿ ਪਿੰਡਾਂ ਵਿਚੋਂ ਟਰਾਲੀਆਂ ਅਤੇ ਬੱਸਾਂ ਭਰਕੇ ਲੋਕ ਸਿਨੇਮਾਘਰਾਂ ਵਿਚ ਪਹੁੰਚ ਰਹੇ ਹਨ। ਇਸੇ ਤਰ੍ਹਾਂ ਫ਼ਿਲਮ ਬੀਬੀ ਰਜਨੀ ਨੂੰ ਵੇਖਣ ਲਈ ਅੱਜ ਫ਼ਿਰੋਜ਼ਪੁਰ ਤੋਂ ਸਰਬੱਤ ਦਾ ਭਲਾ ਵੱੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੈਲੀ ਕੰਬੋਜ ਦੇ ਨੇਕ ਉਪਰਾਲੇ ਸਦਕਾ ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ਼ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਆਪਣੇ ਅੰਦਾਜ਼ ਵਿਚ ਫ਼ਿਲਮ ਦਾ ਆਨੰਦ ਮਾਣਿਆ। ਇਨ੍ਹਾਂ ਬੱਚਿਆਂ ਵਿਚ ਕੁਝ ਬੱਚੇ ਸੁਣ ਨਹੀਂ ਸਕਦੇ ਹਨ ਅਤੇ ਕੁਝ ਦੇਖ–ਬੋਲ ਨਹੀਂ ਸਕਦੇ ਤਾਂ ਵੀ ਇਨ੍ਹਾਂ ਬੱਚਿਆਂ ਦੇ ਮਨ ਦੀ ਇੱਛਾ ਸੀ ਕਿ ਉਹ ਇਸ ਫ਼ਿਲਮ ਦਾ ਆਨੰਦ ਮਾਣ ਸਕਣ। ਇਸ ਕਾਰਜ ਨੂੰ ਸੰਭਵ ਕਰਨ ਲਈ ਸਕੂਲ ਦੀਆਂ ਅਧਿਆਪਕਾਵਾਂ ਨੇ ਵਿਸ਼ੇਸ਼ ਰੋਲ ਅਦਾ ਕੀਤਾ ਅਤੇ ਬੱਚਿਆਂ ਨੂੰ ਫ਼ਿਲਮ ਦੇ ਸੀਨ ਇਸ਼ਾਰਿਆਂ ਨਾਲ ਸਮਝਾਏ ਤਾਂ ਜੋ ਬੱਚੇ ਵੀ ਫ਼ਿਲਮ ਦੀ ਕਹਾਣੀ ਨਾਲ ਖ਼ੁਦ ਨੂੰ ਜੁੜਿਆ ਹੋਇਆ ਮਹਿਸੂਸ ਕਰਨ ਅਤੇ ਇਸ ਦੀ ਕਹਾਣੀ ਤੋਂ ਸਿੱਖਿਆ ਲੈ ਸਕਣ। ਕਾਬਿਲੇ ਜ਼ਿਕਰ ਹੈ ਕਿ ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ਼ ਜੋ ਕਿ ਫਿਰੋਜ਼ਪੁਰ ਨਜ਼ਦੀਕ ਪਿੰਡ ਕਟੋਰਾ ਵਿਖੇ ਪਿੰਗਲਵਾੜਾ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚੱਲ ਰਿਹਾ ਹੈ, ਜਿੱਥੇ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁੱਹਈਆ ਕਰਵਾਈ ਜਾਂਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਵਿੰਦਰ ਕੌਰ ਦਾ ਕਹਿਣਾ ਸੀ ਕਿ ਇਨ੍ਹਾਂ ਬੱਚਿਆਂ ਨੇ ਅੱਜ ਪਹਿਲੀ ਵਾਰ ਸਿਨੇਮਾਘਰ ਆਕੇ ਕਿਸੇ ਫ਼ਿਲਮ ਦਾ ਆਨੰਦ ਮਾਣਿਆ ਹੈ। ਫ਼ਿਲਮ ਦੀ ਕਹਾਣੀ ਤੋਂ ਇਹ ਬੱਚੇ ਵੀ ਇਹੀ ਸਿੱਖਣਗੇ ਕਿ ਅਗਰ ਰੱਬ ਤੇ ਭਰੋਸਾ ਕੀਤਾ ਜਾਵੇ ਤਾਂ ਉਹ ਹਰ ਹਾਲ ਵਿੱਚ ਸਹਾਈ ਹੁੰਦਾ ਹੈ, ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਅਗਰ ਕੋਈ ਵੀ ਬੱਚਾ ਜਿਹੜਾ ਸੁਣ, ਦੇਖ ਜਾਂ ਫਿਰ ਬੋਲ ਨਹੀਂ ਸਕਦਾ, ਉਸਨੂੰ ਘਰ ਬੈਠਾ ਕੇ ਉਸ ਦਾ ਜੀਵਨ ਖਰਾਬ ਨਾ ਕਰੋਂ, ਇਸ ਸਕੂਲ ਵਲੋਂ ਉਨ੍ਹਾਂ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਜੀਵਨ ਜਾਂਚ ਮਿਲੇਗੀ, ਜਿਸ ਨਾਲ ਉਹ ਵੀ ਸਮਾਜ ਦੇ ਅੰਦਰ ਆਪਣਾ ਮੁਕਾਮ ਹਾਸਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸਕੂਲ ਦੇ ਹੀ ਅਧਿਆਪਕਾ ਹਰਲੀਨ ਕੌਰ ਜੋ ਕਿ ਖੁਦ ਸੁਣ ਨਹੀਂ ਸਕਦੇ, ਫਿਰ ਵੀ ਆਪਣੀ ਸਿੱਖਿਆ ਅਤੇ ਗਿਆਨ ਦੇ ਸਦਕਾ ਅੱਜ ਦੂਜੇ ਬੱਚਿਆਂ ਲਈ ਪ੍ਰੇਰਣਾ ਬਣੇ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.