ਤਾਜਾ ਖਬਰਾਂ
ਗੁਰੂਰਸਹਾਏ, 13 ਸਤੰਬਰ- ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ਤੇ ਅੱਜ ਫਿਰ ਲਗਾਤਾਰ ਚੌਥੇ ਦਿਨ ਬਿਜਲੀ ਦਫਤਰ ਗੁਰੂ ਹਰ ਸਹਾਏ ਦੇ ਗੇਟ ਤੇ ਰੋਹ ਭਰਪੂਰ ਰੋਸ ਰੈਲੀ ਪ੍ਰਧਾਨ ਨਾਨਕ ਚੰਦ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਜੰਮ ਕੇ ਪੰਜਾਬ ਸਰਕਾਰ, ਪਾਵਰਕੌਮ,ਮਨੈਜਮੈਟ ਦੇ ਵਿਰੁੱਧ ਨਾਅਰੇਬਾਜ਼ੀ ਹੋਈ ।ਇਸ ਰੋਸ ਰੈਲੀ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਨਾਨਕ ਚੰਦ ਪ੍ਰਧਾਨ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ 15 ਮੰਗਾਂ ਨੂੰ ਵੱਟੇ ਖਾਤੇ ਪਾਊਣ ਖਿਲਾਫ 21 ਅਗਸਤ ਤੋਂ ਵਰਕ ਨੂੰ ਰੂਲ ਦੇ ਨਿਯਮਾਂ ਅਨੁਸਾਰ ਡਿਊਟੀ ਕਰਨ ਤੋ ਸਘੰਰਸ਼ ਸ਼ੁਰੂ ਹੋਇਆ,1 ਸਤੰਬਰ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਅਤੇ ਪਹਿਲਾਂ 10 ਸਤੰਬਰ ਤੋਂ 12 ਸਤੰਬਰ ਤੱਕ ਸਮੂਹਿਕ ਛੁੱਟੀ ਭਰ ਕੇ ਪੂਰੇ ਪੰਜਾਬ ਦੇ ਬਿਜਲੀ ਕਾਮਿਆਂ ਵੱਲੋਂ ਲਗਾਤਾਰ ਰੋਸ ਰੈਲੀਆਂ ਕੀਤੀਆਂ ਗਈਆਂ ਪਰ ਪਾਵਰਕੌਮ ਮੈਨੇਜਮੈਂਟ ਦੇ ਅੜੀਅਲ ਰਵਈਏ ਕਾਰਨ ਹੁਣ ਮਜਬੂਰ ਹੋ ਕੇ ਸਮੂਹਿਕ ਛੁੱਟੀਆਂ ਵਿੱਚ 17 ਸਤੰਬਰ ਤੱਕ ਵਾਧਾ ਕਰਨਾ ਪਿਆ ਅਤੇ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਇਹ ਸਘੰਰਸ਼ ਹੋਰ ਵੀ ਅੱਗੇ ਵਧੇਗਾ। ਜਿਸ ਕਰਕੇ ਬਿਜਲੀ ਖਪਤਕਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸਥਿਤੀ ਇਹ ਬਣੀ ਹੋਈ ਹੈ ਕਿ ਕਈ ਥਾਵਾਂ ਤੇ ਬਿਜਲੀ ਗਰਿੱਡ ਬਿਨਾਂ ਕਿਸੇ ਕਰਮਚਾਰੀ ਦੇ ਖਾਲੀ ਪਏ ਹਨ ਕਈ ਇਲਾਕਿਆਂ ਦੀ ਬਿਜਲੀ ਬੰਦ ਪਈ ਹੈ ਬਿਜਲੀ ਬਿੱਲਾਂ ਦੇ ਕੈਸ਼ ਕੁਟਾਇਰ ਬੰਦ ਹਨ ਜਿਸ ਕਾਰਨ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਹੁਣ ਬਿਜਲੀ ਦਫ਼ਤਰਾਂ ਵਿੱਚ ਕੰਮ ਕਰਦੇ ਕਲੈਰੀਕਲ ਕਾਮਿਆਂ ਧੱਕੇ ਨਾਲ ਗਰਿੱਡ ਡਿਊਟੀ ਤੇ ਤੈਨਾਤ ਕੀਤਾ ਜਾ ਰਿਹਾ ਹੈ ਇੰਨਾ ਸਾਥੀਆਂ ਨੂੰ ਗਰਿੱਡ ਦੇ ਕੰਮਕਾਰ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ ਜਿਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਪਰ ਪਾਵਰਕੌਮ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਜੇਕਰ ਪਾਵਰਕੌਮ ਮੈਨੇਜਮੈਂਟ ਆਪਣੇ ਅੜੀਅਲ ਰਵਈਏ ਤੇ ਬਜਿੱਦ ਰਹੀ ਤਾਂ ਪੂਰੇ ਪੰਜਾਬ ਵਿੱਚ ਬਲੈਕ ਆਊਟ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਰੈਲੀ ਵਿੱਚ ਪੀ ਐੱਸ ਈ ਬੀ ਇੰਪਲਾਈਜ ਫੈਡਰੇਸ਼ਨ ਦੇ ਆਗੂ ਸਾਥੀ ਧਰਮ ਦੇਵ, ਕਰਨ ਸ਼ਰਮਾ, ਹਰਮੇਸ਼ ਸਿੰਘ, ਮਨੀਸ਼ ਮੌਂਗਾ,ਕੁਲਦੀਪ ਸਿੰਘ,ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਨਰੇਸ਼ ਸੇਠੀ, ਬਲਵਿੰਦਰ ਸਿੰਘ ਟੀ ਐੱਸ ਯੂ ਦੇ ਆਗੂ ਸੁਰਿੰਦਰ ਕੁਮਾਰ,ਬਲਕਾਰ ਚੰਦ, ਸੁਖਦੇਵ ਸਿੰਘ, ਜਸਪਾਲ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਨਾਂ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ,ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ । ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ।ਵੱਖ ਵੱਖ ਆਗੂਆਂ ਨੇ ਸਮੁੱਚੇ ਬਿਜਲੀ ਕਾਮਿਆਂ/ ਭਰਾਤਰੀ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਅਪਣਾ ਬਣਦਾ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਕੀਤੀ ।
Get all latest content delivered to your email a few times a month.