ਤਾਜਾ ਖਬਰਾਂ
ਬਾਲ ਕਿਸ਼ਨ
ਫ਼ਿਰੋਜ਼ਪੁਰ, 11 ਸਤੰਬਰ– ਪੈਟਰੋਲ, ਡੀਜਲ, ਬਿਜਲੀ ਆਦਿ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਕੀਤਾ। ਡਿਪਟੀ ਦਫ਼ਤਰ ਕੰਪਲੈਕਸ ਫ਼ਿਰੋਜ਼ਪੁਰ ਮੂਹਰੇ ਅਕਾਲੀ ਵਰਕਰਾਂ ਅਤੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ ਦੀ ਅਗਵਾਈ ਹੇਠ ਧਰਨਾ ਮਾਰ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਧਰਨੇ ਦੌਰਾਨ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕਰ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦਾ ਦੁੱਖ ਸਾਂਝਾ ਕਰਦੇ ਹੋਏ ਸਰਕਾਰ ਨੂੰ ਕੋਸ ਰਹੇ ਸਨ ਅਤੇ ਸਰਕਾਰ ਵਲੋਂ ਲਏ ਗਏ ਲੋਕ ਵਿਰੋਧੀ ਫ਼ੈਸਲਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰ ਰਹੇ ਸਨ। ਧਰਨਾਕਾਰੀਆਂ ਵਲੋਂ ਆਪਣੀ ਅਤੇ ਲੋਕਾਂ ਦੀ ਆਵਾਜ਼ ਪੰਜਾਬ ਦੇ ਮਾਨਯੋਗ ਗਵਰਨਰ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਇਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ ਤੋਂ ਇਲਾਵਾ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਅਤੇ ਇੰਚਾਰਜ ਅਕਾਲੀ ਦਲ ਹਲਕਾ ਫ਼ਿਰੋਜ਼ਪੁਰ ਦਿਹਾਤੀ, ਵਰਦੇਵ ਸਿੰਘ ਨੋਨੀ ਮਾਨ ਇੰਚਾਰਜ ਹਲਕਾ ਗੁਰੂਹਰਸਹਾਏ, ਨਰਦੇਵ ਸਿੰਘ ਬੋਬੀ ਮਾਨ, ਰੋਹਿਤ ਕੁਮਾਰ ਮਾਂਟੋ ਵੋਹਰਾ ਇੰਚਾਰਜ ਹਲਕਾ ਫ਼ਿਰੋਜ਼ਪੁਰ ਸ਼ਹਿਰੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਸਲਾਹਕਾਰ ਦਿਲਬਾਗ ਸਿੰਘ ਵਿਰਕ, ਕੌਮੀ ਯੂਥ ਆਗੂ ਜੋਗਿੰਦਰ ਸਿੰਘ ਸਵਾਈ ਕੇ, ਡਾ: ਨਿਰਵੈਰ ਸਿੰਘ ਉੱਪਲ ਜ਼ੀਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਬਰਾੜ ਮੋਠਾਂਵਾਲਾ, ਸੂਬਾਈ ਯੂਥ ਆਗੂ ਸੁਰਿੰਦਰ ਸਿੰਘ ਬੱਬੂ ਆਦਿ ਵੱਖ–ਵੱਖ ਬੁਲਾਰਿਆਂ ਨੇ ਆਪੋ–ਆਪਣੇ ਸੰਬੋਧਨ ਦੌਰਾਨ ਪੰਜਾਬ ਮਾਨ ਸਰਕਾਰ ਵਲੋਂ ਪੈਟਰੋਲ, ਡੀਜ਼ਲ, ਬਿਜਲੀ ਦਰਾਂ ਅਤੇ ਬੱਸ ਕਿਰਾਏ ਵਿਚ ਕੀਤੇ ਵਾਧੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਸਰਕਾਰ ਨੂੰ ਚੇਤਾਵਣੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕ ਵਿਰੋਧੀ ਲਏ ਫ਼ੈਸਲੇ ਨੂੰ ਵਾਪਸ ਨਹੀਂ ਲਿਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਨੁਮਾ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਅਕਾਲੀ ਦਲ ਚੁੱਪ ਨਹੀਂ ਬੈਠੇਗਾ, ਸਗੋਂ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਸਮੂਹ ਬੁਲਾਰਿਆਂ ਨੇ ਆਪੋ–ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਝੂਠੇ ਦਾਅਵੇ ਤੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੇ ਵੱਡੇ ਬੋਝ ਥੱਲੇ ਦੱਬ ਦਿੱਤਾ ਹੈ। ਫੋਕੀ ਵਾਹ–ਵਾਹ ਖੱਟਣ ਲਈ ਬਾਦਲ ਸਰਕਾਰ ਦੇ ਰਾਜ ਸਮੇਂ ਸੂਬੇ ਦੇ ਹੋਏ ਬਹੁਪੱਖੀ ਵਿਕਾਸ ਕਾਰਜਾਂ ਨੂੰ ਆਪਣਾ ਦਸ ਲੋਕਾਂ ਦੇ ਅੱਖੀ ਘੱਟਾ ਪਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਲੋਕਾਂ ਨੂੰ ਗੁਮਰਾਹ ਕਰਨ ਲਈ ਬੇਲੋੜੀ ਇਸ਼ਤਿਆਰਬਾਜੀ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵੱਡੇ ਪੱਧਰ ’ਤੇ ਚੂਨਾ ਲਗਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਦੀਆਂ ਜੇਬਾਂ ਉਪਰ ਡਾਕਾ ਮਾਰ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਉੱਪਰ ਪਾਏ ਜਾਣ ਵਾਲੇ ਕਿਸੇ ਵੀ ਬੋਝ ਨੂੰ ਬਰਦਾਸ਼ਤ ਨਾ ਕੀਤੇ ਜਾਣ ਦਾ ਦਾਅਵਾ ਕਰਦੇ ਹੋਏ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।
Get all latest content delivered to your email a few times a month.