ਤਾਜਾ ਖਬਰਾਂ
ਬਿਕਰਮਜੀਤ ਸਿੰਘ
ਅੰਮ੍ਰਿਤਸਰ, 9 ਸਤੰਬਰ- ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਉੱਥੇ ਹੀ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਗਿਆ ਸੀ|ਇਸੇ ਆਦੇਸ਼ ਨੂੰ ਮੰਨਦਿਆ ਜਿੱਥੇ ਪਿਛਲੇ ਦਿਨੀਂ 7 ਸਾਬਕਾ ਮੰਤਰੀ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ। ਅੱਜ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ,ਪਰਮਿੰਦਰ ਸਿੰਘ ਢੀਂਡਸਾ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਵੀ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਸਪਸ਼ਟੀਕਰਨ ਵਿੱਚ ਲਿਖਿਆ ਕਿ ਆਪ ਵੱਲੋਂ ਜਾਰੀ ਪੱਤਰ ਨੰ :ਅ.ਤ. /24/341 ਮਿਤੀ 31-8-24 ਨੂੰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਆਪ ਨੇ 2007 ਤੋਂ 2017 ਤੱਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੋਏ ਗੁਨਾਹਾਂ ਕਾਰਨ ਖਾਲਸਾ ਪੰਥ ਦੇ ਹੋਏ ਨੁਕਸਾਨ ਵਿੱਚ ਦਾਸਰੀ ਦੀ ਬਤੌਰ ਕੈਬਨਿਟ ਮੰਤਰੀ ਦੀ ਭੂਮਿਕਾ ਦਾ ਸਪਸ਼ਟੀਕਰਨ ਮੰਗਿਆ ਹੈ। ਬੇਨਤੀ ਹੈ ਕਿ ਮੈਂ 2007 ਤੋਂ 2012 ਦੀ ਸਰਕਾਰ ਸਮੇਂ ਵਿਧਾਨ ਵਿਧਾਨ ਸਭਾ ਦੀ ਮੈਂਬਰ ਨਹੀਂ ਸੀ ਇਸ ਕਰਕੇ ਮੈਂ ਕੈਬਨਿਟ ਦਾ ਹਿੱਸਾ ਨਹੀਂ ਸੀ । 2012 ਤੋਂ 2017 ਦੀ ਸਰਕਾਰ ਵਿੱਚ ਮੈਂ 14 ਮਾਰਚ 2012 ਨੂੰ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕੀ ਸੀ ਅਤੇ 30 ਮਾਰਚ 2012 ਨੂੰ ਕੈਬਨਿਟ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕੇਵਲ 16 ਦਿਨ ਹੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੀ। ਇਸ ਸਮੇਂ ਦੌਰਾਨ ਚਲੰਤ ਕੇਸਾਂ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਨਹੀਂ ਲਿਆ ਗਿਆ। ਜਿਸ ਵਿੱਚ ਕਿਸੇ ਵੀ ਕਿਸਮ ਦੀ ਮੇਰੀ ਸ਼ਮੂਲੀਅਤ ਹੋਵੇ। ਰਹਿੰਦੀ ਸਰਕਾਰ ਵਿੱਚ ਬਤੌਰ ਐਮਐਲਏ ਜਾਂ ਬਤੌਰ ਪਾਰਟੀ ਦੀ ਸੇਵਾਦਾਰ ਵੀ ਇਹਨਾਂ ਮਸਲਿਆਂ ਵਿੱਚ ਨਾ ਤਾਂ ਮੇਰੀ ਕੋਈ ਸਲਾਹ ਜਾਂ ਸੁਝਾਅ ਲਿਆ ਗਿਆ ਅਤੇ ਨਾ ਹੀ ਕਿਸੇ ਕਾਰਵਾਈ ਜਾਂ ਫੈਸਲੇ ਵਿੱਚ ਮੇਰੀ ਸ਼ਮੂਲੀਅਤ ਹੋਈ। ਬਤੌਰ ਪਾਰਟੀ ਦੀ ਜ਼ਿੰਮੇਵਾਰ ਸੇਵਾਦਾਰ ਮੈਂ ਸਿੱਖ ਸਿਧਾਂਤਾਂ ਤੇ ਸਮੇਂ-ਸਮੇਂ ਸਿਰ ਪਹਿਰੇਦਾਰੀ ਕਰਦਿਆਂ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦੀ ਪਕੜ ਬਹੁਤ ਮਜਬੂਤ ਹੋਣ ਕਾਰਨ ਮੇਰੀ ਕੌਮੀ ਚਾਰਾਜੋਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ। ਜਿਸ ਦੇ ਨਤੀਜੇ ਵਜੋਂ ਵਾਰ ਵਾਰ ਮੈਂ ਮੁੱਖ ਆਗੂਆਂ ਦੇ ਵਿਰੋਧ ਦਾ ਸ਼ਿਕਾਰ ਵੀ ਹੋਈ। ਜਿਸ ਦੇ ਨਤੀਜੇ ਵਜੋਂ ਦੋ ਵਾਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਿਨਾਂ ਕਿਸੇ ਕਾਰਨ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਵਾਰ-ਵਾਰ ਆਵਾਜ਼ ਚੁੱਕਣ ਤੇ ਸੁਣਵਾਈ ਨਹੀਂ ਹੋਈ। ਦੋਸ਼ੀਆਂ ਵੱਲੋਂ ਹੋਈਆਂ ਸਾਰੀਆਂ ਗਲਤੀਆਂ ਗੁਨਾਹਾਂ ਦਾ ਰੂਪ ਧਾਰਨ ਕਰ ਗਈਆਂ ਅਤੇ ਕੌਮੀ ਸੰਸਥਾ ਨੂੰ ਸਿੱਖ ਕੌਮ ਨੇ ਰਾਜਸੀ ਤੌਰ ਤੇ ਵੱਡਾ ਝਟਕਾ ਦਿੱਤਾ। ਪੰਥ ਦੀ ਸ੍ਰੋਮਣੀ ਰਾਜਨੀਤਿਕ ਸੰਸਥਾ ਵਿੱਚੋਂ ਆਏ ਅੱਤ ਦੇ ਨਿਘਾਰ ਮਗਰੋਂ ਬਾਕੀ ਸੀਨੀਅਰ ਸ੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ ਰਲਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪੱਤਰ ਪੇਸ਼ ਕਰਕੇ ਸ਼੍ਰੋਮਣੀ ਸੰਸਥਾ ਨੂੰ ਬਚਾਉਣ ਲਈ ਜੋ ਪਾਰਟੀ ਅੰਦਰ ਲੰਮੇ ਸਮੇਂ ਤੋਂ ਚਰਚਾ ਸੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਬਹੁਤ ਹੀ ਨਿਮਾਣੇ ਭਾਵ ਨਾਲ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੁੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਿਰ ਨਿਵਾ ਕੇ ਆਪ ਦੇ ਸਨਮੁਖ ਹਾਜ਼ਰ ਹਾਂ ਇਸ ਬਾਬਤ ਆਪ ਦਾ ਜੋ ਵੀ ਹੁਕਮ ਹੋਵੇਗਾ ਸਿਰ ਝੁਕਾ ਕੇ ਪ੍ਰਵਾਨ ਹੋਵੇਗਾ।
Get all latest content delivered to your email a few times a month.