IMG-LOGO
ਹੋਮ ਪੰਜਾਬ : ਸ਼ਹਿਰ ਅੰਦਰ ਸ਼ਰੇਆਮ ਕਾਰ ਨੂੰ ਘੇਰ ਸਵਾਰਾਂ ਦੇ ਮਾਰੀਆਂ ਸਿੱਧੀਆਂ...

ਸ਼ਹਿਰ ਅੰਦਰ ਸ਼ਰੇਆਮ ਕਾਰ ਨੂੰ ਘੇਰ ਸਵਾਰਾਂ ਦੇ ਮਾਰੀਆਂ ਸਿੱਧੀਆਂ ਗੋਲੀਆਂ, ਤਿੰਨ ਚਚੇਰੇ ਭੈਣ–ਭਰਾਵਾਂ ਦੀ ਮੌਤ 

Admin user - Sep 04, 2024 12:30 PM
IMG

ਸ਼ਹਿਰ ਅੰਦਰ ਸ਼ਰੇਆਮ ਕਾਰ ਨੂੰ ਘੇਰ ਸਵਾਰਾਂ ਦੇ ਮਾਰੀਆਂ ਸਿੱਧੀਆਂ ਗੋਲੀਆਂ, ਤਿੰਨ ਚਚੇਰੇ ਭੈਣ–ਭਰਾਵਾਂ ਦੀ ਮੌਤ 
ਬਾਲਕਿਸ਼ਨ 
ਫ਼ਿਰੋਜ਼ਪੁਰ, 3 ਸਤੰਬਰ– ਫ਼ਿਰੋਜ਼ਪੁਰ ਸ਼ਹਿਰ ਸੰਘਣੀ ਆਬਾਦੀ ਕੰਬੋਜ ਨਗਰ ਅੰਦਰ ਮੋਟਰਸਾਈਕਲ ਸਵਾਰਾਂ ਨੇ ਦਿਨ–ਦਿਹਾੜੇ ਕਾਰ ਨੂੰ ਘੇਰ ਉਸ ਵਿਚ ਸਫਰ ਕਰ ਰਹੇ ਸਵਾਰਾਂ ਦੇ ਸਿੱਧੀਆਂ ਗੋਲੀਆਂ ਮਾਰਨ ਦੀ ਸੂਚਨਾ ਮਿਲੀ ਹੈ। ਉਕਤ ਘਟਨਾ ਦਾ ਸ਼ਿਕਾਰ ਚਚੇਰੇ ਭੈਣ ਭਰਾ ਹੋਏ, ਜਿਨ੍ਹਾਂ ਵਿਚੋਂ ਤਿੰਨ ਦੀ ਮੌਕੇ ’ਤੇ ਮੌਤ ਹੋ ਜਾਣ ਅਤੇ ਦੋ ਦੇ ਗੰਭੀਰ ਜ਼ਖ਼ਮੀਂ ਹੋਣ ਦੀ ਦੁੱਖਦਾਈ ਖ਼ਬਰ ਹੈ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਨੇੜਲੇ ਹਸਪਤਾਲ ਵਿਚ ਪਹੁੰਚਾਇਆ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ, ਦਿਲਪ੍ਰੀਤ ਸਿੰਘ ਉਰਫ਼ ਲੱਲੀ ਪੁੱਤਰ ਪਰਮਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀਆਂ ਕੰਬੋਜ ਨਗਰ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ। ਘਟਨਾ ਵਾਪਰਨ ਦੀ ਖ਼ਬਰ ਨਾਲ ਜਿੱਥੇ ਸ਼ਹਿਰ ਵਾਸੀਆਂ ’ਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ, ਉੱਥੇ ਵੱਡੀ ਗਿਣਤੀ ’ਚ ਪੁਲਿਸ ਮੌਕੇ ’ਤੇ ਪਹੁੰਚ ਘਟਨਾ ਦਾ ਜਾਇਜ਼ਾ ਲਿਆ ਅਤੇ ਦੋਸ਼ੀਆਂ ਨੂੰ ਫੜਨ ਲਈ ਨਾਕਾਬੰਦੀ ਕਰਨ ਦੇ ਨਾਲ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਫ਼ਿਰੋਜ਼ਪੁਰ ਰੇਂਜ ਡੀ.ਆਈ.ਜੀ. ਅਜੇ ਮਲੂਜਾ, ਸੀਨੀਅਰ ਕਪਤਾਨ ਪੁਲਿਸ ਸੋਮੀਆ ਮਿਸ਼ਰਾ, ਐੱਸ.ਪੀ.ਡੀ. ਰਣਧੀਰ ਕੁਮਾਰ ਆਦਿ ਉੱਚ ਅਧਿਕਾਰੀ ਪੁਲਿਸ ਪਾਰਟੀਆਂ ਸਮੇਤ ਮੌਕੇ ਤੇ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਕੰਬੋਜ ਨਗਰ ਦੇ ਵਾਸੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦਾ ਪਰਿਵਾਰ ਨੇ ਵਿਆਹ ਰੱਖਿਆ ਹੋਇਆ ਸੀ, ਜਿਸ ਦੀਆਂ ਤਿਆਰੀਆਂ ’ਚ ਰੁਝਿਆ ਪਰਿਵਾਰ ਖਰੀਦੋ–ਫਰੋਖਤ ਅਤੇ ਕਾਰਡ ਵੰਡ ਰਿਹਾ ਸੀ। ਹੰਡਿਆਈ ਕੰਪਨੀ ਦੀ ਚਿੱਟੇ ਰੰਗ ਦੀ ਕਾਰ ਨੰਬਰ ਪੀ.ਬੀ 15 ਈ 5870 ’ਤੇ ਸਵਾਰ ਹੋ ਕੇ ਚਚੇਰੇ ਭੈਣ ਭਰਾ ਜਦ ਕਾਲੋਨੀ ਅੰਦਰ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਸਾਹਮਣੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰਾਂ ਨੇ ਕਾਰ ਨੂੰ ਘੇਰ ਲਿਆ ਅਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲਾਬਾਰੀ ਵਿਚ ਕਾਰ ਦੇ ਕਰੀਬ ਦੋ ਦਰਜਨ ਤੋਂ ਵਧੇਰੇ ਗੋਲੀਆਂ ਲੱਗੀਆਂ,  ਜਿਸ ਕਾਰਨ ਕਾਰ ਵਿਚ ਸਵਾਰ ਵਿਆਹ ਵਾਲੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦਿਲਪ੍ਰੀਤ ਸਿੰਘ ਉਰਫ਼ ਲੱਲੀ ਪੁੱਤਰ ਪਰਮਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਗੰਭੀਰ ਹਾਲਤ ’ਚ ਹਸਪਤਾਲ ਲਿਜਾਣ  ਸਮੇਂ ਦਮ ਤੋੜ ਗਏ। ਘਟਨਾ ਸਮੇਂ ਕਾਰ ਵਿਚ ਸਵਾਰ ਹਰਮਨਪ੍ਰੀਤ ਸਿੰਘ ਪੁੱਤਰ ਹਰਮੇਸ਼ ਸਿੰਘ ਅਤੇ ਅਨਮੋਲਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀਂ ਹੋ ਗਏ, ਜਿਨ੍ਹਾਂ ਨੂੰ ਬਾਗੀ ਹਸਪਤਾਲ ਅੰਦਰ ਇਲਾਜ ਲਈ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਲੱਲੀ ਪੁੱਤਰ ਪਰਮਜੀਤ ਸਿੰਘ ਉੱਪਰ ਦੋ ਕਤਲ ਦੇ ਮੁਕਦਮੇ ਦਰਜ ਹਨ, ਉਹ ਜਬਾਨਤ ’ਤੇ ਬਾਹਰ ਆਇਆ ਹੋਇਆ ਸੀ ਅਤੇ ਪੁਲਿਸ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਨਾਲ ਜੋੜ ਕੇ ਦੇਖ ਰਹੀ ਹੈ। ਸ਼ਹਿਰ ਅੰਦਰ ਦਿਨ–ਦਿਹਾੜੇ ਅਣਗਿਣਤ ਗੋਲੀਆਂ ਚਲਾ ਕੇ ਤਿੰਨ ਕਤਲ ਕਰ ਦੇਣ ਦੀ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਝੰਝੋੜ ਕੇ ਰੱਖ ਦਿੱਤਾ ਅਤੇ ਸਾਰੇ ਪਾਸੇ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਘਟਨਾ ਵਾਪਰਨ ਉਪਰੰਤ ਜਿੱਥੇ ਪੁਲਿਸ ਨੇ ਮੌਕੇ ’ਤੇ ਪਹੁੰਚ ਖਿਲਰੇ ਖੋਲ ਬਰਾਮਦ ਕੀਤੇ, ਉੱਥੇ ਜਾਂਚ ਨੂੰ ਤੇਜ ਕਰਦੇ ਹੋਏ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਫਰੋਲੇ ਜਾ ਰਹੇ ਸਨ। ਘਟਨਾ ਸਥਾਨ ’ਤੇ ਪਹੁੰਚ ਜਾਇਜ਼ਾ ਲੈਣ ਉਪਰੰਤ ਡੀ.ਆਈ.ਜੀ. ਅਜੇ ਮਲੂਜਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਾਤਲਾਨੇ ਹਮਲੇ ਵਿਚ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਗੰਭੀਰ ਜ਼ਖ਼ਮੀਂ ਹਨ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਅਤ ਨਾਜੁਕ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਗੈਂਗਵਾਰ ਨਾ ਦੱਸਦੇ ਹੋਏ ਕਿਹਾ ਕਿ ਦੋਨਾਂ ਪਰਿਵਾਰਾਂ ’ਚ ਪੁਰਾਣੀ ਰੰਜਿਸ਼ ਚੱਲਦੀ ਸੀ, ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਜਲਦ ਦੋਸ਼ੀਆਂ ਨੂੰ ਫੜ ਸਲਾਖਾਂ ਪਿੱਛੇ ਡੱਕੇਗੀ, ਸੀ.ਸੀ.ਟੀ.ਵੀ ਕੈਮਰੇ ਫਰੋਲੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵਲੋਂ ਛਾਪੇਮਾਰੀ ਜ਼ੋਰਾਂ ’ਤੇ ਵਿੱਢੀ ਹੋਈ ਹੈ। ਓਧਰ ਪੁਲਿਸ ਥਾਣਾ ਸਿਟੀ ਅੰਦਰ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੁਲਿਸ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ, ਪ੍ਰੰਤੂ ਵਧੇਰੇ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.