IMG-LOGO
ਹੋਮ ਪੰਜਾਬ : ਬਰਖ਼ਾਸਤ ਬੀ.ਐਸ.ਐਫ ਕਾਂਸਟੇਬਲ ਨੇ ਕੀਤਾ ਸੀ ਵਪਾਰੀ ਦੇ ਪੁੱਤਰ ਨੂੰ...

ਬਰਖ਼ਾਸਤ ਬੀ.ਐਸ.ਐਫ ਕਾਂਸਟੇਬਲ ਨੇ ਕੀਤਾ ਸੀ ਵਪਾਰੀ ਦੇ ਪੁੱਤਰ ਨੂੰ ਅਗਵਾ, ਪੁਲਿਸ ਨੇ 8 ਘੰਟਿਆਂ 'ਚ ਸੁਲਝਾ ਲਿਆ ਮਾਮਲਾ

Admin user - Sep 01, 2024 01:48 PM
IMG

ਪਠਾਨਕੋਟ, 1 ਸਤੰਬਰ- ਪਠਾਨਕੋਟ ਦੇ ਮੁਹੱਲਾ ਸ਼ਾਹ ਕਾਲੋਨੀ ਵਾਸੀ ਵਪਾਰੀ ਬਾਦਲ ਭੰਡਾਰੀ ਦੇ ਛੇ ਸਾਲਾ ਪੁੱਤਰ ਮਾਹਿਰ ਦੇ ਅਗਵਾ ਹੋਣ ਦੇ ਅੱਠ ਘੰਟਿਆਂ ਵਿੱਚ ਹੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ। ਜ਼ਿਲਾ ਪੁਲਿਸ ਨੇ ਹਿਮਾਚਲ ਪੁਲਿਸ ਨਾਲ ਮਿਲ ਕੇ ਸ਼ੁੱਕਰਵਾਰ ਦੇਰ ਰਾਤ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਤੋਂ ਬੱਚੇ ਨੂੰ ਕਾਰ ਸਮੇਤ ਬਰਾਮਦ ਕਰ ਲਿਆ, ਜਦਕਿ ਦੋਸ਼ੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਕਾਰ ਛੱਡ ਕੇ ਫਰਾਰ ਹੋ ਗਏ।

ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਪੁਲਿਸ

ਪੁਲਿਸ ਨੇ ਦੋਵਾਂ ਮੁਲਜ਼ਮਾਂ ਅਮਿਤ ਰਾਣਾ ਅਤੇ ਉਸ ਦੇ ਸਾਥੀ ਸੋਨੀ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਸ਼ੁੱਕਰਵਾਰ ਰਾਤ ਕਰੀਬ 12 ਵਜੇ ਆਪਣੇ ਪੁੱਤਰ ਨੂੰ ਸੌਂਪਣ ਲਈ ਰਿਸ਼ਤੇਦਾਰਾਂ ਦੇ ਘਰ ਗਏ ਸਨ। ਮਾਹਿਰ ਦੀ ਮਾਂ ਸੀਮਾ ਨੇ ਆਰਤੀ ਕਰ ਕੇ ਬੇਟੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਬਦੌਲਤ ਹੀ ਉਨ੍ਹਾਂ ਦੇ ਪੁੱਤਰ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

ਅਗਵਾ ਕਰ ਕੇ 2 ਕਰੋੜ ਰੁਪਏ ਦੀ ਮੰਗੀ ਸੀ ਫਿਰੌਤੀ

ਪਤਾ ਲੱਗਾ ਹੈ ਕਿ ਮਾਹਿਰ ਸ਼ੁੱਕਰਵਾਰ ਸ਼ਾਮ 3 ਵਜੇ ਸਕੂਲ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ। ਅਗਵਾਕਾਰਾਂ ਨੇ ਉਸ ਨੂੰ ਘਰ ਤੋਂ ਮਹਿਜ਼ 10 ਕਦਮ ਦੀ ਦੂਰੀ 'ਤੇ ਅਗਵਾ ਕਰ ਲਿਆ। ਮਾਹਿਰ ਦੇ ਨਾਲ-ਨਾਲ ਉਸਦੀ ਵੱਡੀ ਭੈਣ ਵੀ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਤੱਕ ਭੈਣ ਨੇ ਰੌਲਾ ਪਾਇਆ, ਉਦੋਂ ਤੱਕ ਦੋਸ਼ੀ ਕਾਰ ਸਮੇਤ ਘਟਨਾ ਸਥਾਨ ਤੋਂ ਫਰਾਰ ਹੋ ਚੁੱਕਾ ਸੀ।ਦੋਸ਼ੀ ਨੇ ਬੱਚੇ ਨੂੰ ਛੱਡਣ ਲਈ ਪਰਿਵਾਰ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਿਤਾ ਬਾਦਲ ਭੰਡਾਰੀ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅਸਲੀ ਹੀਰੋ ਹੈ, ਜਿਸ ਦੀ ਬਦੌਲਤ ਉਸ ਦੇ ਪੁੱਤਰ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

ਅਮਿਤ ਰਾਣਾ ਨੇ ਆਪਣੇ ਆਪ ਨੂੰ ਮ੍ਰਿਤਕ ਸਾਬਤ ਕਰਨ ਦੀ ਸਾਜ਼ਿਸ਼ ਰਚੀ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਮਿਤ ਰਾਣਾ ਨੂੰ ਬੀਐਸਐਫ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਹ ਇੱਕ ਪੇਸ਼ੇਵਰ ਅਪਰਾਧੀ ਹੈ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਅਮਿਤ ਰਾਣਾ ਨੇ ਕੁਝ ਸਮਾਂ ਪਹਿਲਾਂ ਮਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸਾਜ਼ਿਸ਼ ਰਚੀ ਸੀ। ਅਮਿਤ ਨੇ ਯੋਜਨਾ ਬਣਾਈ ਸੀ ਕਿ ਉਸ ਦੀ ਮੌਤ ਤੋਂ ਜੋ ਪੈਸਾ ਮਿਲੇਗਾ, ਉਹ ਉਸ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਅਤੇ ਉਹ ਪੈਸੇ ਲੈ ਕੇ ਹਿਮਾਚਲ ਛੱਡ ਕੇ ਕਿਸੇ ਹੋਰ ਥਾਂ ਚਲਾ ਜਾਵੇਗਾ। ਬਾਅਦ 'ਚ ਸਾਜ਼ਿਸ਼ ਦਾ ਖੁਲਾਸਾ ਹੋਣ 'ਤੇ ਪੁਲਿਸ ਨੇ ਅਮਿਤ ਰਾਣਾ ਨੂੰ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਉਸ ਨੂੰ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਡੀਆਈਜੀ ਬਾਰਡਰ ਰੇਂਜ ਸਮੇਤ ਜ਼ਿਲ੍ਹੇ ਦੇ ਤਿੰਨ ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

ਡੀਜੀਪੀ ਪੰਜਾਬ ਨੇ ਅੱਠ ਘੰਟਿਆਂ ਵਿੱਚ ਅਗਵਾ ਦਾ ਭੇਤ ਸੁਲਝਾਉਣ ਵਾਲੇ ਪਠਾਨਕੋਟ ਜ਼ਿਲ੍ਹੇ ਦੇ ਤਿੰਨ ਅਧਿਕਾਰੀਆਂ ਸਮੇਤ ਚਾਰ ਵਿਅਕਤੀਆਂ ਨੂੰ ਡਿਸਕ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸ ਕੇਸ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਸਤਿੰਦਰ ਸਿੰਘ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ, ਡੀਐਸਪੀ ਧਰ ਐਲਐਸ ਰੰਧਾਵਾ ਅਤੇ ਥਾਣਾ ਡਵੀਜ਼ਨ ਨੰਬਰ-2 ਦੇ ਇੰਚਾਰਜ ਸ਼ੋਹਰਤ ਮਾਨ ਦੇ ਨਾਂ ਸ਼ਾਮਲ ਹਨ।ਦਲਜਿੰਦਰ ਸਿੰਘ ਢਿੱਲੋਂ, ਪਠਾਨਕੋਟ ਦੇ ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਰੇ ਥਾਣਾ ਇੰਚਾਰਜਾਂ ਅਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਅਤੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਯੋਜਨਾ ਤਿਆਰ ਕੀਤੀ ਗਈ। ਪੁਲਿਸ ਨੇ ਇਸ ਨੂੰ ਪਰਿਵਾਰਕ ਮਾਮਲਾ ਮੰਨਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਹਿਮਾਚਲ ਵੱਲ ਗਏ ਹੋਣ ਕਾਰਨ ਹਿਮਾਚਲ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਪੰਜਾਬ ਅਤੇ ਹਿਮਾਚਲ ਪੁਲਿਸ ਦੇ ਆਪਸੀ ਸਹਿਯੋਗ ਕਾਰਨ ਘਟਨਾ ਦੇ ਕੁੱਝ ਘੰਟਿਆਂ ਵਿੱਚ ਹੀ ਸਫਲਤਾ ਹਾਸਲ ਕਰ ਲਈ ਗਈ। ਮੁਲਜ਼ਮਾਂ ਨੂੰ ਕਾਬੂ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਫਿਲਹਾਲ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.