IMG-LOGO
ਹੋਮ ਪੰਜਾਬ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਜ਼ੋਨਲ ਯੁਵਕ ਮੇਲਾ ਸ਼ੁਰੂ

Admin user - Oct 19, 2022 06:07 AM
IMG

 Bolda Punjab

ਅੰਮ੍ਰਿਤਸਰ, 19 ਅਕਤੂਬਰ 2022 ,   ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੂਰੀ ਤਰ੍ਹਾਂ ਭਰੇ ਦਸਮੇਸ਼ ਆਡੀਟੋਰੀਅਮ ਵਿਚ ਅੱਜ ਸ਼ੁਰੂ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦੇ ਜ਼ੋਨਲ ਯੁਵਕ ਮੇਲੇ ਦਾ ਉਦਘਾਟਨ ਕਰਦਿਆਂ ਓ.ਐਸ.ਡੀ. ਟੂ ਵਾਈਸ ਚਾਂਸਲਰ, ਡਾ. ਹਰਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਪਦਾਰਥਕਤਾ ਦੀ ਦੌੜ ਬਣਦਾ ਜਾ ਰਿਹਾ ਹੈ ਜਿਸ ਵਿਚ ਹਰ ਪੱਧਰ `ਤੇ ਮੁਕਾਬਲਾ ਸ਼ਾਮਿਲ ਹੈ। ਸਾਡੀ ਜ਼ਰੂਰਤ ਤੋਂ ਜ਼ਿਆਦਾ ਪਦਾਰਥ ਤੇ ਪੈਸਾ ਇਕੱਠਾ ਕਰਨ ਦੀ ਮਾਨਸਿਕਤਾ ਸਾਨੂੰ ਇਸ ਮੁਕਾਬਲੇ ਦੀ ਦੌੜ ਵਿਚ ਸਹਿਜੇ ਹੀ ਸ਼ਾਮਿਲ ਕਰ ਦਿੰਦੀ ਹੈ। ਰੂਹ ਨੂੰ ਤਸਕੀਨ ਦਾ ਅਮਲ ਦੇਣ ਲਈ ਸਾਨੂੰ ਪਈਆਂ ਪੈੜਾਂ ਤੋਂ ਹੱਟ ਕੇ ਸੋਚਣਾ ਪਵੇਗਾ ਤਾਂ ਜੋ ਜ਼ਿੰਦਗੀ ਦਾ ਪੂਰਨ ਆਨੰਦ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਪੜ੍ਹਾਈ ਵਿਚ ਵੀ ਮੁਕਾਬਲੇ ਦਾ ਅਮਲ ਹੋਣ ਕਰਕੇ ਅਸੀਂ ਕੇਵਲ ਅਕਾਦਮਿਕ ਗਤੀਵਿਧੀਆਂ ਵਿਚ ਹੀ ਰੁੱਝੇ ਰਹਿ ਜਾਂਦੇ ਹਾਂ ਅਤੇ ਹੋਰ ਉਹ ਗਤੀਵਿਧੀਆਂ ਸਾਡੇ ਪਾਸੋਂ ਛੁੱਟ ਜਾਂਦੀਆਂ ਹਨ ਜਿਸ ਨਾਲ ਸਾਡੀ ਸਖਸ਼ੀਅਤ ਬਹੁਪੱਖੀ ਬਣਨੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦੇ ਸੰਪੂਰਨ ਵਿਗਾਸ ਲਈ ਪੜ੍ਹਾਈ ਦੇ ਨਾਲ-ਨਾਲ ਕਲਾ, ਸੰਗੀਤ, ਖੇਡਾਂ, ਵਿਚਾਰ-ਚਿੰਤਨ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿਚ ਹਿੱਸਾ ਲੈਣਾ ਲਾਜ਼ਮ ਹੈ ਅਤੇ ਇਹ ਯੁਵਕ ਮੇਲੇ ਇਕ ਅਜਿਹਾ ਮੰਚ ਹੈ ਜੋ ਸਾਡੀ ਅੰਦਰਲੀ ਪ੍ਰਤਿਭਾ ਨੂੰ ਨਿਖਾਰ ਕੇ ਪੇਸ਼ ਕਰਦਾ ਹੈ।
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਡਾ. ਹਰਦੀਪ ਸਿੰਘ ਅਤੇ ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਸ਼ਮ੍ਹਾਂ ਰੌਸ਼ਨ ਕਰਕੇ ਯੁਵਕ ਮੇਲੇ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਪ੍ਰੋ. ਦੂਆ ਨੇ ਡਾ. ਹਰਦੀਪ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਮੇਲੇ ਵਿਚ ਪੁੱਜਣ `ਤੇ ਸਵਾਗਤ ਕੀਤਾ।
ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਭਾਵੇਂ ਕਿ ਸਾਡੀਆਂ ਗੱਲਾਂ ਤੇ ਗਤੀਵਿਧੀਆਂ ਇਕੋ ਜਿਹੀਆਂ ਹੁੰਦੀਆਂ ਹਨ ਪਰ ਸਮਾਂ ਹਮੇਸ਼ਾ ਬਦਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਕਦੇ ਨਹੀਂ ਰੁਕਦਾ ਅਤੇ ਸਮੇਂ ਦੇ ਬਦਲਣ ਨਾਲ ਸਥਾਨ, ਗੱਲਾਂ ਅਤੇ ਗਤੀਵਿਧੀਆਂ ਇਕੋ ਜਿਹੀਆਂ ਹੋਣ ਦੇ ਬਾਵਜੂਦ ਵੀ ਨਵੇਂ ਰੂਪ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਸਮਾਂ ਇਕ ਹੈ ਪਰ ਹਰ ਰੋਜ਼ ਬਦਲ ਰਿਹਾ ਹੈ ਉਸੇ ਤਰ੍ਹਾਂ ਸੱਚ ਵੀ ਨਵਾਂ ਹੁੰਦਾ ਰਹਿੰਦਾ ਹੈ।  ਉਨ੍ਹਾਂ ਕਿਹਾ ਕਿ ਸਾਡੀ ਸੋਚਣ ਦਾਇਰਾ ਖੜੋਤ ਵਿਚ ਨਾ ਹੋ ਕੇ ਰਵਾਨਗੀ ਵਿਚ ਹੋਣਾ ਚਾਹੀਦਾ ਹੈ ਤਾਂ ਜੋ ਜ਼ਿੰਦਗੀ ਸਾਨੂੰ ਭਰਪੂਰਤਾ ਨਾਲ ਮਿਲੇ।
ਇਸ 3-ਦਿਨਾਂ ਮੇਲੇ ਵਿਚ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀ-ਕਲਾਕਾਰ ਵੱਖ-ਵੱਖ ਕਲਾ/ਸਭਿਆਚਾਰਕ ਆਈਟਮਾਂ ਵਿਚ ਭਾਗ ਲੈ ਰਹੇ ਹਨ। ਇਹ ਮੇਲਾ 21 ਅਕਤੂਬਰ ਤਕ ਚੱਲੇਗਾ। ਇਸ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਵੱਖ-ਵੱਖ ਸਟੇਜਾਂ ਜਿਵੇਂ ਗੁਰੂ ਨਾਨਕ ਭਵਨ, ਕਾਨਫਰੰਸ ਹਾਲ ਅਤੇ ਆਰਕੀਟੈਕਚਰ ਵਿਭਾਗ ਵਿਖੇ ਆਯੋਜਤ ਕੀਤੇ ਜਾ ਰਹੇ ਹਨ।
ਡਾ. ਤੇਜਵੰਤ ਸਿੰਘ ਕੰਗ, ਕਨਵੀਨਰ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿਚ ਭੰਗੜੇ ਤੋਂ ਇਲਾਵਾ ਅੱਜ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ (ਭਾਰਤੀ), ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਸੰਗੀਤ ਵੋਕਲ ਸੋਲੋ ਦੇ ਮੁਕਾਬਲੇ ਹੋਏ। ਆਰਕੀਟੈਕਚਰ ਸਟੇਜ `ਤੇ ਪੇਂਟਿੰਗ ਆਨ ਦ ਸਪਾਟ, ਕਾਰਟੂਨਿੰਗ, ਕੋਲਾਜ਼, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦ ਸਪਾਟ ਫੋਟੋਗਰਾਫੀ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ। ਕੁਇਜ਼ ਮੁਕਾਬਲੇ ਡੀਨ ਵਿਦਿਆਰਥੀ ਭਲਾਏ ਵਿਭਾਗ ਵਿਚ ਆਯੋਜਤ ਕੀਤੇ ਗਏ।
ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮਾਈਮ, ਮਿਮਕਰੀ, ਸਕਿਟ, ਵਨ ਐਕਟ ਪਲੇਅ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵਾਰ ਗਾਇਨ, ਕਵਿਸ਼ਰੀ, ਗੀਤ/ਗਜ਼ਲ, ਲੋਕ ਗੀਤ, ਲੋਕ ਸਾਜ਼ ਦੇ ਮੁਕਾਬਲੇ ਹੋਣਗੇ। ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਸਿੰਪੋਜ਼ੀਅਮ, ਇਲੋਕਿਊਸ਼ਨ, ਡੀਬੇਟ ਦੇ ਮੁਕਾਬਲੇ ਹੋਣਗੇ। 21 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਜਨਰਲ ਗਰੁੱਪ ਡਾਂਸ, ਗੱਧਾ ਅਤੇ ਗੁਰੂ ਨਾਨਕ ਭਵਨ ਵਿਚ ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ ਸੋਲੋ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਤੋਂ ਬਾਅਦ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਗਮ ਹੋਵੇਗਾ। ਫੈਸਟੀਵਲ ਦੇ ਆਯੋਜਨ ਵਿਚ ਵਿਦਿਆਰਥੀ ਦੀ ਟੀਮ ਤੋਂ ਇਲਾਵਾ ਅਧਿਆਪਕ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.