ਤਾਜਾ ਖਬਰਾਂ
Bolda Punjab
ਚੰਡੀਗੜ, 18 ਅਕਤੂਬਰ:
ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜਾ ਲੈਂਦਿਆਂ ਤਿੰਨ ਮੈਂਬਰੀ ਮੰਤਰੀ ਸਮੂਹ ਨੇ ਅੱਜ ਸੂਬੇ ਵਿੱਚ ਪਸੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਨੂੰ ਕੁਝ ਸ਼ਰਤਾਂ ‘ਤੇ ਆਧਾਰਤ ਪ੍ਰਵਾਨਗੀ ਦੇ ਦਿੱਤੀ।
ਅੱਜ ਇੱਥੇ ਪੰਜਾਬ ਭਵਨ ਵਿਖੇ ਲੰਪੀ ਸਕਿਨ ਬੀਮਾਰੀ ਸਬੰਧੀ ਰੋਕਥਾਮ ਕਾਰਜਾਂ ਦੀ ਸਮੀਖਿਆ ਕਰਦਿਆਂ ਮੰਤਰੀ ਸਮੂਹ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਸ਼ਾਮਲ ਹਨ, ਨੂੰ ਪਸੂ ਪਾਲਣ ਵਿਭਾਗ ਵੱਲੋਂ ਜਾਣੂ ਕਰਵਾਇਆ ਗਿਆ ਕਿ ਕੁਝ ਸਮੇਂ ਤੋਂ ਸੂਬੇ ਵਿੱਚ ਲੰਪੀ ਸਕਿਨ ਬੀਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਲਈ ਕੁਝ ਉਪਾਅ ਅਪਣਾਉਂਦਿਆਂ ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ‘ਤੇ ਪਾਬੰਦੀ ਹਟਾਈ ਜਾ ਸਕਦੀ ਹੈ। ਮੌਜੂਦਾ ਸਥਿਤੀ ਦਾ ਜਾਇਜਾ ਲੈਣ ਉਪਰੰਤ ਮੰਤਰੀ ਸਮੂਹ ਨੇ ਇਸ ਸ਼ਰਤ ‘ਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਸ਼ੂਆਂ ਦਾ ਟੀਕਾਕਰਨ ਕੀਤਾ ਹੋਣਾ ਲਾਜਮੀ ਹੈ ਅਤੇ ਵਪਾਰੀ ਜਾਂ ਕਿਸਾਨ ਆਪਣੇ ਨਾਲ ਟੀਕਾਕਰਨ ਸਰਟੀਫਿਕੇਟ ਲੈ ਕੇ ਆਉਣ।
ਮੰਤਰੀ ਸਮੂਹ ਨੇ ਪਸ਼ੂ ਪਾਲਣ ਵਿਭਾਗ ਨੂੰ ਲੰਪੀ ਸਕਿਨ ਬੀਮਾਰੀ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਸੂਬੇ ਵਿੱਚ ਪਸੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਲਈ ਵੱਖਰੇ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ। ਮੰਤਰੀਆਂ ਨੇ ਵਿਭਾਗ ਨੂੰ ਪਸੂ ਮੇਲਿਆਂ ‘ਤੇ ਵੈਟਰਨਰੀ ਡਾਕਟਰਾਂ ਦੀ ਤਾਇਨਾਤੀ ਕਰਨ ਦੇ ਨਾਲ-ਨਾਲ ਇਨਾਂ ਗਤੀਵਿਧੀਆਂ ‘ਤੇ ਤਿੱਖੀ ਨਜਰ ਰੱਖਣ ਲਈ ਵੀ ਕਿਹਾ ਤਾਂ ਜੋ ਲੰਪੀ ਸਕਿਨ ਬੀਮਾਰੀ ਦਾ ਕੋਈ ਨਵਾਂ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਮੰਤਰੀਆਂ ਨੇ ਨਾਭਾ ਸੀਮਨ ਸਟੇਸ਼ਨ ਦੇ ਇਕ ਯੂਨਿਟ, ਜਿੱਥੇ ਸੀਮਨ ਦਾ ਸੈਂਪਲ ਲੰਪੀ ਸਕਿਨ ਬੀਮਾਰੀ ਲਈ ਪਾਜੇਟਿਵ ਪਾਇਆ ਗਿਆ ਸੀ, ਨੂੰ ਛੱਡ ਕੇ ਸਾਰੇ ਸੀਮਨ ਉਤਪਾਦਨ ਸਟੇਸਨਾਂ ‘ਤੇ ਪਾਬੰਦੀ ਵੀ ਹਟਾ ਦਿੱਤੀ ਹੈ। ਸਾਰੇ ਸਟੇਸ਼ਨਾਂ ‘ਤੇ ਸੀਮਨ ਦੇ ਨਮੂਨਿਆਂ ਦੀ ਰੈਂਡਮ ਜਾਂਚ ਕਰਨ ਸਣੇ ਨਾਭਾ ਸਟੇਸ਼ਨ ‘ਤੇ ਸੀਮਨ ਦੇ ਸਾਰੇ ਨਮੂਨਿਆਂ ਦੀ ਨਿਯਮਤ ਜਾਂਚ ਕਰਨ ਦੇ ਨਿਰਦੇਸ ਦਿੱਤੇ ਗਏ ਹਨ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਮੰਤਰੀ ਸਮੂਹ ਨੂੰ ਦੱਸਿਆ ਕਿ ਵਿਭਾਗ ਵੱਲੋਂ ਲੰਪੀ ਸਕਿਨ ਬੀਮਾਰੀ ਨੂੰ ਕੌਮੀ ਪਸੂ ਰੋਗ ਕੰਟਰੋਲ ਪ੍ਰੋਗਰਾਮ ਵਿੱਚ ਸਾਮਲ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਲਈ ਉਪਰਾਲੇ ਕੀਤੇ ਹਨ ਤਾਂ ਜੋ ਇਸ ਬੀਮਾਰੀ ਲਈ ਵੀ, ਮੂੰਹ ਖੋਰ ਅਤੇ ਬਰੂਸੀਲੋਸਿਸ ਆਦਿ ਬੀਮਾਰੀਆਂ ਦੀ ਤਰਜ ‘ਤੇ ਮੁਫ਼ਤ ਟੀਕਾਕਰਨ ਦਾ ਲਾਭ ਲਿਆ ਜਾ ਸਕੇ। ਉਨਾਂ ਕਿਹਾ ਕਿ ਕੇਂਦਰੀ ਪਸੂ ਪਾਲਣ ਵਿਭਾਗ ਨੇ ਭਰੋਸਾ ਦਿਵਾਇਆ ਹੈ ਕਿ ਇਹ ਮਾਮਲਾ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਰਚਾ ਲਈ ਭੇਜਿਆ ਜਾਵੇਗਾ। ਵਿੱਤ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਇਨਾਂ ਮੁੱਦਿਆਂ ਦੇ ਜਲਦ ਹੱਲ ਲਈ ਕੇਂਦਰੀ ਪਸੂ ਪਾਲਣ ਮੰਤਰੀ ਕੋਲ ਇਹ ਮੁੱਦੇ ਉਠਾਉਣ ਲਈ ਕਿਹਾ।
ਜ਼ਿਲਾ ਪਠਾਨਕੋਟ ਵਿੱਚ ਗਲ-ਘੋਟੂ ਵੈਕਸੀਨ ਦੀਆਂ ਮਿਆਦ ਪੁੱਗੀਆਂ 19,150 ਖੁਰਾਕਾਂ ਦੇ ਮਾਮਲੇ ਵਿੱਚ ਕੈਬਨਿਟ ਮੰਤਰੀਆਂ ਨੇ ਪਸ਼ੂ ਪਾਲਣ ਵਿਭਾਗ ਨੂੰ 20 ਦਿਨਾਂ ਦੇ ਅੰਦਰ-ਅੰਦਰ ਜਾਂਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਕਰਮਚਾਰੀਆਂ ਵੱਲੋਂ ਦਿਖਾਈ ਗਈ ਲਾਪਰਵਾਹੀ ਅਤੇ ਕੁਤਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
Get all latest content delivered to your email a few times a month.