IMG-LOGO
ਹੋਮ ਪੰਜਾਬ : ਮੁੱਖ ਮੰਤਰੀ ਤੇ ਹਰਦੀਪ ਪੁਰੀ ਵੱਲੋਂ ਦੇਸ਼ ਦਾ ਸਭ ਤੋਂ...

ਮੁੱਖ ਮੰਤਰੀ ਤੇ ਹਰਦੀਪ ਪੁਰੀ ਵੱਲੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ

Admin user - Oct 19, 2022 07:19 AM
IMG

Bolda Punjab

ਭੁਟਾਲ ਕਲਾਂ (ਸੰਗਰੂਰ), 18 ਅਕਤੂਬਰ:
       ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨਾਲ ਅੱਜ ਇੱਥੇ 20 ਏਕੜ ਰਕਬੇ ਵਿਚ 230 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਦੇਸ਼ ਦੇ ਸਭ ਤੋਂ ਵੱਡੇ ਬਾਇਓ ਐਨਰਜੀ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ।
    ਅੱਜ ਦੇ ਇਸ ਮੌਕੇ ਨੂੰ ਸੂਬੇ ਲਈ ਇਤਿਹਾਸਕ ਦਿਨ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਸੂਬੇ ਵਿੱਚੋਂ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਰਾਹ ਪੱਧਰਾ ਕਰੇਗਾ। ਉਨਾਂ ਕਿਹਾ ਕਿ ਵਰਬੀਓ ਗਰੁੱਪ ਦਾ ਸੂਬੇ ਨਾਲ ਮਜਬੂਤ ਰਿਸ਼ਤਾ ਹੈ ਕਿਉਂਕਿ ਇਸ ਦੀ ਭਾਰਤੀ ਸਹਾਇਕ ਕੰਪਨੀ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਭਾਰਤ ਦਾ ਸਭ ਤੋਂ ਵੱਡਾ ਬਾਇਓਫਿਊਲ (ਬਾਇਓਮੀਥੇਨ/ਬਾਇਓ-ਸੀਐਨਜੀ) ਉਤਪਾਦਨ ਯੂਨਿਟ ਸਥਾਪਤ ਕੀਤਾ ਹੈ ਜੋ ਬਾਇਓ-ਸੀ.ਐਨ.ਜੀ. ਦੀ 33 ਟੀ.ਪੀ.ਡੀ. (ਟਨ ਪ੍ਰਤੀ ਦਿਨ) ਅਤੇ 550 ਟੀ.ਪੀ.ਡੀ. (ਪ੍ਰਤੀ ਸਾਲ) ਦੀ ਸਮਰਥਾ ਵਾਲਾ ਪ੍ਰਾਜੈਕਟ ਹੈ। ਉਨਾਂ ਕਿਹਾ ਕਿ 80,000 ਕਿਊਬਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਪ੍ਰੋਜੈਕਟ ਬਾਇਓਗੈਸ ਪੈਦਾ ਕਰੇਗਾ ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਧੀਆ ਤਰੀਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਯੂਨਿਟ ਵਿਚ ਸਾਲਾਨਾ 1.30 ਲੱਖ ਟਨ ਪਰਾਲੀ ਦੀ ਖਪਤ ਹੋਵੇਗੀ ਜਿਸ ਨਾਲ ਪਰਾਲੀ ਦੀ ਗੰਭੀਰ ਸਮੱਸਿਆ ਤੋਂ ਨਿਜਾਤ ਪਾਉਣ ਵਿਚ ਮਦਦ ਮਿਲੇਗੀ।
    ਮੁੱਖ ਮੰਤਰੀ ਨੇ ਕਿਹਾ ਕਿ 20 ਏਕੜ ਰਕਬੇ ਵਿੱਚ ਸਥਾਪਿਤ ਇਸ ਯੂਨਿਟ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ 1.50 ਲੱਖ ਮੀਟਿ੍ਰਕ ਟਨ ਦੂਸ਼ਿਤ ਤੱਤ ਅਤੇ 20,000 ਮੀਟਰਿਕ ਟਨ ਫਲਾਈ ਐਸ ਦੀ ਸਾਲਾਨਾ ਕਮੀ ਲਿਆਉਣ ਵਿੱਚ ਮਦਦ ਮਿਲੇਗੀ। ਉਨਾਂ ਅੱਗੇ ਕਿਹਾ ਕਿ ਇਹ ਯੂਨਿਟ 1000 ਨੌਜਵਾਨਾਂ ਨੂੰ ਰੁਜਗਾਰ ਵੀ ਦੇਵੇਗਾ ਅਤੇ 5000 ਤੋਂ ਵੱਧ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਭਗਵੰਤ ਮਾਨ ਨੇ ਦੱਸਿਆ ਕਿ ਬਾਇਓ ਮੈਨਿਊਰ ਨਾਲ ਭਰਪੂਰ ਮਿੱਟੀ ਦਾ 2150 ਏਕੜ ਰਕਬਾ ਹੋਵੇਗਾ।
    ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵਰਬੀਓ ਗਰੁੱਪ ਨੇ ਸੂਬੇ ਵਿਚ ਅਜਿਹੇ ਹੋਰ ਪਲਾਂਟ ਸਥਾਪਤ ਕਰਨ ਵਿਚ ਵੀ ਗਹਿਰੀ ਦਿਲਚਸਪੀ ਦਿਖਾਈ ਹੈ। ਉਨਾਂ ਕਿਹਾ ਕਿ ਜੇਕਰ ਇਹ ਪ੍ਰਾਜੈਕਟ ਸਫਲ ਹੋ ਜਾਂਦਾ ਹੈ ਤਾਂ ਵਰਬੀਓ ਗਰੁੱਪ ਵੱਲੋਂ ਸੂਬੇ ਵਿਚ ਅਜਿਹੇ 10 ਹੋਰ ਪਲਾਂਟ ਸਥਾਪਤ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਦਾ ਉਦੇਸ ਪੰਜਾਬ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਮੁਕਤ ਸੂਬਾ ਬਣਾਉਣਾ ਹੈ।
    ਮੁੱਖ ਮੰਤਰੀ ਨੇ ਕਿਹਾ ਕਿ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਨਾਲ ਪੰਜਾਬ ਨੂੰ ਫਸਲਾਂ ਦੀ ਰਹਿੰਦ-ਖੂੰਹਦ ਖਾਸ ਕਰਕੇ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂਹੰਦ ਦੇ ਨਿਪਟਾਰੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਕਿਸੇ ਹੋਰ ਕੰਮ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਹਰ ਸਾਲ ਲਗਭਗ 18 ਮਿਲੀਅਨ ਟਨ ਪਰਾਲੀ/ਰਹਿੰਦ-ਖੂਹੰਦ ਪੈਦਾ ਹੁੰਦੀ ਹੈ ਪਰ ਬਾਇਓਮਾਸ ਪਾਵਰ ਪਲਾਂਟਾਂ, ਉਦਯੋਗਿਕ ਬਾਇਲਰਾਂ ਅਤੇ ਪਲਾਈਵੁੱਡ ਉਦਯੋਗ ਵਿੱਚ ਸਿਰਫ 5 ਮਿਲੀਅਨ ਟਨ ਦੀ ਵਰਤੋਂ ਕੀਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਿਪਟਾਰੇ ਲਈ ਕੋਈ ਹੋਰ ਸੁਰੱਖਿਅਤ ਤਕਨੀਕ ਉਪਲਬਧ ਨਾ ਹੋਣ ਕਾਰਨ ਬਾਕੀ 13 ਮਿਲੀਅਨ ਟਨ ਪਰਾਲੀ/ਰਹਿੰਦ-ਖੂਹੰਦ ਨੂੰ ਕਿਸਾਨਾਂ ਵੱਲੋਂ ਖੇਤਾਂ ਵਿੱਚ ਹੀ ਸਾੜਿਆ ਜਾ ਰਿਹਾ ਹੈ।
    ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 75 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਸ ਵਿੱਚੋਂ 37 ਲੱਖ ਏਕੜ ਵਾਲੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ। ਭਗਵੰਤ ਮਾਨ ਨੇ ਕਿਹਾ ਕਿ ਬਾਕੀ ਬਚੀ 38 ਲੱਖ ਏਕੜ ਜਮੀਨ ਤੋਂ ਪੈਦਾ ਹੋਣ ਵਾਲੀ ਪਰਾਲੀ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਕੁਝ ਵੱਡੇ ਕਦਮ ਚੁੱਕਣ ਦੀ ਲੋੜ ਹੈ।
    ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬਾ ਸਰਕਾਰ ਦੀ ਪੰਜਾਬ ਨੂੰ ਸਾਫ-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸਣ ਰਹਿਤ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨਾਂ ਨੇ ਪਾਵਨ ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ (ਪਵਨ) ਨੂੰ ਗੁਰੂ, ਪਾਣੀ (ਪਾਣੀ) ਨੂੰ ਪਿਤਾ ਅਤੇ ਜਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦਾ ਸੰਕਲਪ ਲੈ ਕੇ ਸੂਬੇ ਦੀ ਪੁਰਾਤਨ ਸਾਨ ਨੂੰ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।
    ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਈ ਕਦਮ ਚੁੱਕੇ ਹਨ। ਇਸ ਤੋਂ ਇਲਾਵਾ ਕੁੱਲ 14.25 ਟਨ ਸੀ.ਬੀ.ਜੀ. ਪ੍ਰਤੀ ਦਿਨ ਸਮਰੱਥਾ ਵਾਲੇ ਦੋ ਹੋਰ ਪ੍ਰੋਜੈਕਟ ਸਾਲ 2022-23 ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਪ੍ਰਤੀ ਦਿਨ 492.58 ਟਨ ਕੰਪਰੈੱਸਡ ਬਾਇਓਗੈਸ ਦੇ ਉਤਪਾਦਨ ਲਈ ਪ੍ਰਤੀ ਸਾਲ ਲਗਭਗ 16.5 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਕਰਨਗੇ।
    ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵਿੱਚ ਖੇਤੀ ਰਹਿੰਦ-ਖੂੰਹਦ ‘ਤੇ ਅਧਾਰਿਤ ਸੀ.ਬੀ.ਜੀ. ਪ੍ਰੋਜੈਕਟਾਂ ਦੀ ਵੱਡੀ ਸੰਭਾਵਨਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ 10 ਟੀ.ਪੀ.ਡੀ. ਦੀ ਸਮਰਥਾ ਵਾਲੇ ਲਗਭਗ 200 ਹੋਰ ਪ੍ਰੋਜੈਕਟ ਸਥਾਪਤ ਕੀਤੇ ਜਾ ਸਕਦੇ ਹਨ ਜਿਨਾਂ ਲਈ ਸੂਬਾ ਸਰਕਾਰ ਰਾਜ ਐਨ.ਆਰ.ਐਸ.ਈ. ਨੀਤੀ-2012 ਦੇ ਤਹਿਤ ਵੱਖ-ਵੱਖ ਰਿਆਇਤਾਂ ਪ੍ਰਦਾਨ ਕਰ ਰਹੀ ਹੈ। ਇਸੇ ਤਰਾਂ ਭਗਵੰਤ ਮਾਨ ਨੇ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ ਨੇ ਜੂਨ, 2018 ਵਿੱਚ ਜੈਵਿਕ ਈਂਧਣ ‘ਤੇ ਕੌਮੀ ਨੀਤੀ ਨੂੰ ਵੀ ਨੋਟੀਫਾਈ ਕੀਤਾ ਹੈ ਜੋ ਬਾਇਓਫਿਊਲ ਦੇ ਉਤਪਾਦਨ ਲਈ ਪ੍ਰੋਜੈਕਟਾਂ ਨੂੰ ਉਤਸਾਹਿਤ ਕਰਨ ਅਤੇ ਵਿਕਾਸ ਕਰਨ ਦੀ ਲੋੜ ‘ਤੇ ਜੋਰ ਦਿੰਦੀ ਹੈ।
    ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ, ਹਲਕਾ ਲਹਿਰਾ ਦੇ ਵਿਧਾਇਕ ਵਰਿੰਦਰ ਗੋਇਲ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੂ ਪ੍ਰਸਾਦ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ. ਯਾਦਵ, ਸੀ.ਈ.ਓ. ਪੇਡਾ ਸੁਮਿਤ ਜਾਰੰਗਲ ਅਤੇ ਹੋਰ ਸਖਸੀਅਤਾਂ ਵੀ ਹਾਜਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.