ਤਾਜਾ ਖਬਰਾਂ
ਪਰਮਜੀਤ ਸਿੰਘ ਧੰਜੂ
ਜ਼ੀਰਾ , 28 ਸਤੰਬਰ , ਗਰਾਮ ਪੰਚਾਇਤ ਬਸਤੀ ਆਸਾ ਸਿੰਘ ਦਾਖਲੀ ਬਹਿਕ ਫੱਤੂ ਦੀ ਸਰਪੰਚ ਵੱਲੋਂ ਅਸਤੀਫਾ ਦੇਣ ਬਾਅਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤ ਦੀ ਪੰਚ ਮਨਜੀਤ ਕੌਰ ਨੂੰ ਅਧਿਕਾਰਤ ਪੰਚ ਚੁਣ ਕੇ ਬਤੌਰ ਸਰਪੰਚ ਵਜੋਂ ਕੰਮਕਾਰ ਕਰਨ ਦੀ ਵਾਗਡੋਰ ਸੌਂਪੀ ਗਈ ਹੈ ।
ਇਸ ਸਬੰਧੀ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਮੇੰ ਦੇ ਕਾਂਗਰਸੀ ਹਲਕਾ ਵਿਧਾਇਕ ਵੱਲੋਂ ਕਥਿਤ ਤੌਰ ‘ਤੇ ਪੰਚਾਇਤੀ ਚੋਣਾਂ ‘ਚ ਕੀਤੇ ਲੋਕਤੰਤਰ ਦੇ ਘਾਣ ਦੌਰਾਨ ਜ਼ੀਰਾ ਤਹਿਸੀਲ ਦੇ ਪਿੰਡ ਵਸਤੀ ਆਸਾ ਸਿੰਘ ਦਾਖਲੀ ਬਹਿਕ ਫੱਤੂ ਦੀ ਘੱਟ ਬਹੁਮਤ ਵਾਲੇ ਧੜੇ ਨੂੰ ਸਰਪੰਚ ਥਾਪ ਕੇ ਜਿੱਥੇ ਪਿੰਡ ‘ਚ ਆਪਸੀ ਭਾਈਚਾਰਾ ਖਤਮ ਕਰਕੇ ਧੜੇਬੰਦੀ ਉਭਾਰੀ ਗਈ ਸੀ ਅਤੇ ਕਾਂਗਰਸ ਹਮਾਇਤੀਆਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ ਸੀ ।
ਉਸ ਸਮੇਂ ਧੱਕੇ ਨਾਲ ਚੁਣੀ ਪੰਚਾਇਤ ਦਾ ਅੱਧਿਓਂ ਵੱਧ ਕਾਰਜਕਾਲ ਬਿਨਾਂ ਬਹੁਮਤ ਦੇ ਸਿਆਸੀ ਦਬਾਅ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਵਿਕਾਸ ਕਾਰਜਾਂ ‘ਚ ਵਾਧੇ ਘਾਟੇ ਤੋਂ ਬਾਅਦ ਹੁਣ ਪਿੰਡ ਦੀ ਸਰਪੰਚ ਵੱਲੋਂ ਹੱਥ ਖੜੇ ਕਰ ਦਿੱਤੇ ਗਏ ।
ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਮੱਖੂ ਵੱਲੋਂ ਪਹਿਲੀ ਸਰਪੰਚ ਰਾਜਵਿੰਦਰ ਕੌਰ ਦੇ ਅਸਤੀਫਾ ਦੇਣ ਤੋਂ ਬਾਅਦ ਪਿੰਡ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਬਖਸ਼ੀਸ਼ ਸਿੰਘ ਮੈਂਬਰ ਪੰਚਾਇਤ, ਮਨਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਮੈਂਬਰ ਪੰਚਾਇਤ ਅਤੇ ਦੋ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਮਨਜੀਤ ਕੌਰ ਪਤਨੀ ਪਰਵਿੰਦਰ ਸਿੰਘ ਨੂੰ ਅਧਿਕਾਰਤ ਪੰਚ ਨਾਮਜ਼ਦ ਕਰ ਦਿੱਤਾ ਗਿਆ।
ਇਸ ਪਿੰਡ ‘ਚ ਲਗਭਗ ਦੋ ਢਾਈ ਸਾਲ ਸਰਪੰਚੀ ਲਈ ਚੱਲੀ ਖਿੱਚੋਤਾਣ ਤੋਂ ਬਾਅਦ ਹੋਏ ਨਿਬੇੜੇ ਤੋਂ ਇਹੀ ਤੱਥ ਉੱਭਰਦੇ ਹਨ ਕਿ ਧੱਕੇਸ਼ਾਹੀ ਨਾਲ ਪਿੰਡਾਂ ਦਾ ਆਪਸੀ ਭਾਇਚਾਰਾ ਖਰਾਬ ਕਰਕੇ ਪਿੰਡ ਵਾਸੀਆਂ ਦੇ ਸਿੰਗ ਫਸਾਕੇ ਲਾਹਾ ਖੱਟਣ ਵਾਲੇ ਸਿਆਸੀ ਨੇਤਾਵਾਂ ਤੋਂ ਕਿਨਾਰਾ ਕਰਕੇ ਪਿੰਡਾਂ ਦਾ ਵਿਕਾਸ ਕਰਨ ‘ਤੇ ਹੀ ਜ਼ੋਰ ਦੇਣ ਦੀ ਲੋੜ ਹੈ।
ਗਰਾਮ ਪੰਚਾਇਤ ਦੇ ਕਾਰਵਾਈ ਰਜਿਸਟਰ ਅਤੇ ਮੋਹਰ ਮਨਜੀਤ ਕੌਰ ਕੋਲ ਆਉਣ ਤੋਂ ਬਾਅਦ ਸਰਪੰਚ ਮਨਜੀਤ ਕੌਰ ਨੇ ਕਿਹਾ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਸਿਰਤੋਡ਼ ਯਤਨ ਕਰੇਗੀ ਅਤੇ ਪਿੰਡ ਦੇ ਵਿਕਾਸ ਲਈ ਉਹ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਹਿਯੋਗ ਲਿਆ ਜਾਵੇਗਾ ।
Get all latest content delivered to your email a few times a month.